Punjab Police: ਮੋਹਾਲੀ ਦੇ ਸਟੇਟ ਆਪ੍ਰੇਸ਼ਨ ਸੈੱਲ ਨੇ ਗੈਂਗਸਟਰਾਂ ਤੇ ਅਪਰਾਧੀਆਂ ਦੇ ਜਾਅਲੀ ਸ਼ਨਾਖਤੀ ਕਾਰਡ, ਪਾਸਪੋਰਟ ਅਤੇ ਵੀਜ਼ਾ ਬਣਾ ਕੇ ਭਾਰਤ ਤੋਂ ਵਿਦੇਸ਼ ਭੇਜਣ ਵਾਲੇ 3 ਇਮੀਗ੍ਰੇਸ਼ਨ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਤਲ, ਜਬਰੀ ਵਸੂਲੀ ਅਤੇ ਹੋਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸਨ ਜਿਸ ਤੋਂ ਬਾਅਦ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ।


ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ ਜੀਤਾ ਉਰਫ ਸੋਨੂੰ ਵਾਸੀ ਅਰਬਨ ਅਸਟੇਟ ਫੇਜ਼ 01 ਥਾਣਾ ਡਵੀਜ਼ਨ ਜਲੰਧਰ, ਮੁਹੰਮਦ ਸ਼ਾਜ਼ੇਬ ਆਬਿਦ ਤੇ ਮੁਹੰਮਦ ਕੈਫ ਵਾਸੀ ਦਿੱਲੀ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਸਟੇਟ ਆਪ੍ਰੇਸ਼ਨ ਸੈੱਲ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 467, 468, 471, 120 ਬੀ ਆਈਪੀਸੀ ਅਤੇ 12 ਪਾਸਪੋਰਟ ਐਕਟ, 1967 ਤਹਿਤ ਕੇਸ ਦਰਜ ਕਰ ਲਿਆ ਹੈ।


ਜਾਂਚ ਵਿੱਚ ਸਾਹਮਣੇ ਆਇਆ ਕਿ ਹੁਣ ਤੱਕ ਕਰੀਬ 20 ਅਪਰਾਧੀਆਂ ਨੂੰ ਵਿਦੇਸ਼ ਭੇਜਿਆ ਜਾ ਚੁੱਕਾ ਹੈ, ਇਹ ਏਜੰਟ ਜਾਅਲੀ ਪਛਾਣ ਪੱਤਰ, ਪਾਸਪੋਰਟ ਅਤੇ ਵੀਜ਼ਾ ਬਣਾ ਕੇ ਬੰਗਲਾਦੇਸ਼ ਰਾਹੀਂ ਪੋਲੈਂਡ ਅਤੇ ਪੁਰਤਗਾਲ ਵਰਗੇ ਯੂਰਪੀ ਦੇਸ਼ਾਂ ਵਿੱਚ ਭੇਜ ਦਿੰਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਮੁਲਜ਼ਮ ਪੋਲੈਂਡ ਅਤੇ ਪੁਰਤਗਾਲ ਵਰਗੇ ਯੂਰਪੀਅਨ ਦੇਸ਼ਾਂ ਵਿੱਚ ਵਿਅਕਤੀਆਂ ਦੀ ਤਸਕਰੀ ਲਈ ਬੰਗਲਾਦੇਸ਼ ਰਾਹੀਂ ਇੱਕ ਗੁਪਤ ਰਸਤਾ ਵਰਤ ਰਹੇ ਸਨ। ਜਲਦੀ ਹੀ ਪੁਲਿਸ ਦੀ ਟੀਮ ਫੜੇ ਗਏ ਦੋਸ਼ੀਆਂ ਦੇ ਨਾਲ ਉਸ ਜਗ੍ਹਾ 'ਤੇ ਵੀ ਜਾਵੇਗੀ, ਜਿਸ ਰਾਹੀਂ ਦੋਸ਼ੀਆਂ ਨੂੰ ਬਾਹਰ ਲੈ ਕੇ ਜਾਂਦੇ ਸਨ।


ਫੜੇ ਗਏ ਮੁਲਜ਼ਮਾਂ ਨੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਕਰੀਬੀ ਗੈਂਗਸਟਰ ਗੋਪੀ ਨਵਾਂਸ਼ਹਿਰ ਨੂੰ ਜਾਅਲੀ ਦਸਤਾਵੇਜ਼ ਬਣਾ ਕੇ ਵਿਦੇਸ਼ ਭੇਜਿਆ ਹੈ। ਇਸ ਤੋਂ ਇਲਾਵਾ ਸੰਗਰੂਰ ਦੇ ਸੁਖਜੀਤ ਸਿੰਘ ਉਰਫ ਸੁੱਖਾ ਕਲੌਦੀ((ਅਮਰੀਕਾ) , ਲੁਧਿਆਣਾ ਦੇ ਗੁਰਪ੍ਰੀਤ ਸਿੰਘ ਉਰਫ ਲਹਿੰਬਰ ਸਿੱਧਵਾਂ ((ਕੈਨੇਡਾ), ਨੂੰ ਵਿਦੇਸ਼ ਭੇਜਿਆ ਹੈ, ਜਿਨ੍ਹਾਂ ਦੇ ਨਾਂ 'ਤੇ ਭਾਰਤ ਵਿੱਚ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ।


ਗ੍ਰਿਫਤਾਰ ਕੀਤੇ ਗਏ ਤਿੰਨੇ ਦੋਸ਼ੀਆਂ ਨੇ ਅਪਰਾਧੀਆਂ ਨੂੰ ਵਿਦੇਸ਼ ਭੇਜਣ ਲਈ ਸਥਾਨਕ ਏਜੰਟਾਂ ਦੀ ਮਦਦ ਵੀ ਲਈ। ਜਿਨ੍ਹਾਂ ਦੀ ਮਦਦ ਨਾਲ ਭਾਰਤ-ਬੰਗਲਾਦੇਸ਼ ਦੀ ਸਰਹੱਦ ਨੂੰ ਜੰਗਲੀ ਰਸਤਿਆਂ ਰਾਹੀਂ ਪੱਛਮੀ ਬੰਗਾਲ ਦੇ ਸਿਲੀਗੁੜੀ ਰਾਹੀਂ ਪਾਰ ਕੀਤਾ ਗਿਆ। ਬੰਗਲਾਦੇਸ਼ ਵਿੱਚ ਸਫਲਤਾਪੂਰਵਕ ਦਾਖਲ ਹੋਣ ਤੋਂ ਬਾਅਦ, ਅਪਰਾਧੀ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਰੁਕ ਗਏ। ਇੱਥੇ ਹਾਂਗਕਾਂਗ ਵਿੱਚ ਦਾਖਲ ਹੋਣ ਤੋਂ ਪਹਿਲਾਂ ਲਗਭਗ ਇੱਕ ਤੋਂ ਤਿੰਨ ਮਹੀਨੇ ਰੁਕਣਾ ਪੈ ਸਕਦਾ ਹੈ ਅਤੇ ਫਿਰ ਹਾਂਗਕਾਂਗ ਤੋਂ ਲੋਕ ਪੋਲੈਂਡ ਅਤੇ ਪੁਰਤਗਾਲ ਵਰਗੇ ਯੂਰਪੀਅਨ ਦੇਸ਼ਾਂ ਵਿੱਚ ਪਹੁੰਚ ਜਾਂਦੇ ਹਨ।