ਨਵੀਂ ਦਿੱਲੀ : ਪੰਜਾਬ ਤੋਂ ਹਰ ਹਫਤੇ 42 ਕੌਮਾਂਤਰੀ ਫਲਾਈਟਾਂ ਉਡਾਣ ਭਰਦੀਆਂ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ 33 ਤੇ ਚੰਡੀਗੜ੍ਹ ਤੋਂ ਨੌਂ ਉਡਾਣਾਂ ਸ਼ਾਮਲ ਹਨ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਰਾਜ ਸਭਾ ’ਚ ਦਿੱਤੀ ਹੈ। ਸਿੰਧੀਆ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਚੰਡੀਗੜ੍ਹ ਸੱਤ ਮੁਲਕਾਂ ਯੂਕੇ, ਕਤਰ, ਦੁਬਈ, ਮਲੇਸ਼ੀਆ, ਸ਼ਾਰਜਾਹ, ਸਿੰਗਾਪੁਰ ਅਤੇ ਇਟਲੀ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਹਰ ਹਫ਼ਤੇ ਸਿੰਗਾਪੁਰ, ਦੋਹਾ, ਕੁਆਲਾਲੰਪੁਰ, ਤਿਬਿਲਸੀ ਤੇ ਮਿਲਾਨ ਲਈ ਉਡਾਣਾਂ ਜਾਂਦੀਆਂ ਹਨ।



ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਦੇਸ਼ ’ਚ ਹਵਾਈ ਉਡਾਣਾਂ ਦੇ ਵਿਸਥਾਰ ’ਚ ਪੰਜਾਬ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ (33) ਤੇ ਚੰਡੀਗੜ੍ਹ (9) ਤੋਂ ਹਰ ਹਫ਼ਤੇ 42 ਕੌਮਾਂਤਰੀ ਉਡਾਣਾਂ ਜਾਂਦੀਆਂ ਹਨ। ਮੰਤਰੀ ਨੇ ਕਿਹਾ ਕਿ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਦੀ ਕੀਮਤ ਸੀਜ਼ਨ ’ਤੇ ਨਿਰਭਰ ਕਰਦੀ ਹੈ ਪਰ ਮੁਸਾਫ਼ਰ ਐਡਵਾਂਸ ’ਚ ਬੁਕਿੰਗ ਤੋਂ ਲਾਹਾ ਲੈ ਸਕਦੇ ਹਨ।

ਪ੍ਰਸ਼ਨਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਦਿੰਦਿਆਂ ਸਿੰਧੀਆ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਅਸੰਗਠਤ ਖੇਤਰ ਹੈ ਤੇ ਰੂਟਾਂ ਦੇ ਵਿਸਥਾਰ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਕਿਉਂਕਿ ਇਹ ਏਅਰਲਾਈਨਜ਼ ’ਤੇ ਨਿਰਭਰ ਹੈ। ਉਨ੍ਹਾਂ ਪਿਛਲੀ ਯੂਪੀਏ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੁਲਕ ਨੂੰ ਆਪਣੇ ਹਿੱਤ ਪਹਿਲਾਂ ਦੇਖਣੇ ਪੈਣਗੇ। ਉਨ੍ਹਾਂ ਕੁਝ ਮੈਂਬਰਾਂ ਵੱਲੋਂ ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਕੋਈ ਕੌਮਾਂਤਰੀ ਹਵਾਈ ਸੰਪਰਕ ਨਾ ਹੋਣ ਦੇ ਲਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ।


 ਇਹ ਵੀ ਪੜ੍ਹੋ : ਪੰਜਾਬ ‘ਚ ਠੰਡ ਤੇ ਧੁੰਦ ਨੇ ਫੜਿਆ ਜ਼ੋਰ , ਠੰਡ ਨੇ ਠਾਰੇ ਲੋਕਾਂ ਦੇ ਹੱਡ , ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

ਉਧਰ, ਪੰਜਾਬ ਸਰਕਾਰ ਦੇ ਪ੍ਰਧਾਨ ਸਕੱਤਰ (ਸ਼ਹਿਰੀ ਹਵਾਬਾਜ਼ੀ) ਰਾਹੁਲ ਭੰਡਾਰੀ ਨੇ ਕਿਹਾ ਕਿ ਸੂਬੇ ਵੱਲੋਂ ਕੇਂਦਰ ਸਰਕਾਰ ਨਾਲ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਹੋਰ ਵਧੇਰੇ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਨਿਯਮਤ ਆਧਾਰ ’ਤੇ ਮੁੱਦਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਸ਼ਹਿਰ ‘ਓਪਨ ਸਕਾਈ ਪਾਲਿਸੀ’ ’ਚ ਸ਼ਾਮਲ ਨਹੀਂ ਹਨ ਜਿਸ ਕਾਰਨ ਕੌਮਾਂਤਰੀ ਉਡਾਣਾਂ ਸ਼ੁਰੂ ਕਰਨਾ ਮੁਸ਼ਕਲ ਹੈ।

ਉਨ੍ਹਾਂ ਕਿਹਾ ਕਿ ਹਵਾਈ ਸੇਵਾ ਆਵਾਜਾਈ ਸਮਝੌਤਿਆਂ ਤਹਿਤ ਸਿਰਫ਼ ਛੇ ਮਹਾਨਗਰਾਂ ਨੂੰ ਉਡਾਣਾਂ ਲਈ ਜੋੜਿਆ ਜਾ ਸਕਦਾ ਹੈ। ਇਸ ਆਧਾਰ ’ਤੇ ਅੰਮ੍ਰਿਤਸਰ ਤੇ ਚੰਡੀਗੜ੍ਹ ਦਾ ਨੰਬਰ ਨਹੀਂ ਆਉਂਦਾ। ਉਨ੍ਹਾਂ ਕੈਨੇਡਾ ਤੇ ਹੋਰ ਯੂਰੋਪੀਅਨ ਮੁਲਕਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਕੀਤੀ।