Weather Update: ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹਾਂ ਦਾ ਪਾਣੀ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਦੋਵਾਂ ਰਾਜਾਂ ਦੇ 518 ਪਿੰਡ ਅਜੇ ਵੀ ਹੜ੍ਹਾਂ ਦੀ ਲਪੇਟ ਵਿੱਚ ਹਨ। ਦੋਵਾਂ ਰਾਜਾਂ ਵਿੱਚ ਹੜ੍ਹਾਂ ਕਾਰਨ ਹੁਣ ਤੱਕ 57 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਰਿਆਣਾ ਵਿੱਚ 24 ਘੰਟਿਆਂ ਵਿੱਚ 403 ਨਵੇਂ ਅਤੇ ਪੰਜਾਬ ਵਿੱਚ 115 ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਹਰਿਆਣਾ ਦੇ 1385 ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ।
ਮੌਸਮ ਵਿਭਾਗ ਦੀ ਚੇਤਾਵਨੀ
ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਚਾਰ ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਦੋਵਾਂ ਰਾਜਾਂ ਵਿੱਚ ਸ਼ਨੀਵਾਰ ਨੂੰ ਪਾਣੀ ਭਰਨ ਕਾਰਨ ਅੱਠ ਹੋਰ ਲੋਕਾਂ ਦੀ ਮੌਤ ਹੋ ਗਈ।
ਪੰਜਾਬ ਵਿੱਚ ਜਾਨਲੇਵਾ ਹੋਏ ਹੜ੍ਹ
ਫਿਰੋਜ਼ਪੁਰ 'ਚ ਸਤਲੁਜ ਦੇ ਪੁਲ 'ਤੇ ਪਿੰਡ ਨੌਂ ਬਹਿਰਾਮ ਸ਼ੇਰ ਸਿੰਘ ਵਾਲਾ ਵੱਲ ਜਾਂਦੇ ਪਾਣੀ 'ਚ ਪੈਰ ਤਿਲਕਣ ਕਾਰਨ ਇੱਕ ਨੌਜਵਾਨ ਦਰਿਆ 'ਚ ਡਿੱਗ ਗਿਆ। ਜਦੋਂ ਉਹ ਆਪਣੇ ਆਪ ਨੂੰ ਬਚਾਉਣ ਲਈ ਹੱਥ-ਪੈਰ ਹਿਲਾ ਰਿਹਾ ਸੀ ਤਾਂ ਬਾਹਰ ਖੜ੍ਹੇ ਲੋਕ ਉਸ ਦੀ ਵੀਡੀਓ ਬਣਾ ਰਹੇ ਸਨ। ਮ੍ਰਿਤਕ ਦੀ ਪਛਾਣ ਜਗਦੀਸ਼ ਸਿੰਘ ਵਜੋਂ ਹੋਈ ਹੈ। ਦੂਜੇ ਪਾਸੇ ਪਟਿਆਲਾ 'ਚ ਵੱਡੀ ਨਦੀ ਦੇ ਕੰਢੇ ਤੋਂ 16 ਸਾਲਾ ਮਾਂਗਵ ਤਿਲਕ ਕੇ ਦਰਿਆ 'ਚ ਡਿੱਗ ਗਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਹਰਿਆਣਾ ਵਿੱਚ ਹੜ੍ਹਾਂ ਦੌਰਾਨ ਹੋਈਆਂ ਮੌਤਾਂ
ਕਰਨਾਲ ਦੇ ਪਿੰਡ ਰਸੂਲਪੁਰਾ ਕਲਾਂ ਵਿੱਚ ਸਾਈਕਲ ’ਤੇ ਜਾ ਰਹੇ ਦੋ ਨੌਜਵਾਨ ਛੱਪੜ ਵਿੱਚ ਡਿੱਗ ਗਏ। ਇਸ ਵਿੱਚ 13 ਸਾਲਾ ਸਾਵਨ ਦੀ ਮੌਤ ਹੋ ਗਈ। ਕੁਰੂਕਸ਼ੇਤਰ ਦੇ ਗੁਢਾ ਪਿੰਡ ਵਿੱਚ ਪਸ਼ੂ ਪਾਲਕ ਵੀਰ ਸਿੰਘ ਦੀ ਡੁੱਬਣ ਕਾਰਨ ਮੌਤ ਹੋ ਗਈ। ਸਿਰਸਾ ਦੇ ਪੰਨਿਹਾਰੀ, ਮੁਸਾਹਿਬ ਵਾਲਾ ਅਤੇ ਰੰਗਾ ਵਿੱਚ ਚਾਰ ਥਾਵਾਂ ’ਤੇ ਬੰਨ੍ਹ ਟੁੱਟ ਗਿਆ ਹੈ, ਜਿੱਥੇ ਘੱਗਰ ਦਾ ਪਾਣੀ ਦਾ ਪੱਧਰ 48 ਹਜ਼ਾਰ ਕਿਊਸਿਕ ਤੋਂ ਵੱਧ ਪਹੁੰਚ ਗਿਆ ਹੈ।
ਪੰਜਾਬ ਤੇ ਹਰਿਆਣਾ ਦੇ ਮੌਜੂਦਾ ਹਾਲਾਤ
ਪੰਜਾਬ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਜਦਕਿ 3300 ਲੋਕ ਅਜੇ ਵੀ ਰਾਹਤ ਕੈਂਪਾਂ 'ਚ ਹਨ। ਹਰਿਆਣਾ 'ਚ 43833 ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਜਲੰਧਰ ਦੇ 60, ਸੰਗਰੂਰ ਦੇ 16, ਫਿਰੋਜ਼ਪੁਰ ਦੇ 15 ਅਤੇ ਫਾਜ਼ਿਲਕਾ ਦੇ 10 ਪਿੰਡਾਂ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੇ 15 ਪਿੰਡ ਵੀ ਹੜ੍ਹ ਦੀ ਮਾਰ ਤੋਂ ਬਾਹਰ ਨਹੀਂ ਆਏ ਹਨ।ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਹੁਣ ਤੱਕ ਪਟਿਆਲਾ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ।