Punjab Government: ਪੰਜਾਬ ਸਰਕਾਰ ਲਗਾਤਾਰ ਆਪਣੇ ਸਿਹਤ ਮਾਡਲ ਦੀਆਂ ਗੱਲਾਂ ਕਰਦੀ ਹੈ ਪਰ ਹੁਣ ਸਾਹਮਣੇ ਇੱਕ ਰਿਪੋਰਟ ਨੇ ਸਾਰੇ ਦਾਅਵਿਆਂ ਦੀਆਂ ਧੱਜੀਆਂ ਉਡਾਕੇ ਰੱਖ ਦਿੱਤੀਆਂ ਹਨ। ਦਰਅਸਲ, ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ 59 ਫੀਸਦੀ ਮੈਡੀਕਲ ਅਫਸਰਾਂ ਅਤੇ 57 ਫੀਸਦੀ ਮਾਹਿਰ ਡਾਕਟਰਾਂ ਦੀ ਘਾਟ ਹੈ ਜੋ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਕਰ ਰਹੇ ਹਨ
ਬਾਕੀ ਪੰਜਾਬ ਨੂੰ ਪਾਸੇ ਰੱਖਕੇ ਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲੇ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜ਼ਿਲ੍ਹਾ ਹਸਪਤਾਲ ਵਿੱਚ ਸਿਰਫ਼ ਇੱਕ ਐਮਰਜੈਂਸੀ ਮੈਡੀਕਲ ਅਫ਼ਸਰ (EMO) ਤਾਇਨਾਤ ਹੈ, ਜਿੱਥੇ ਅੱਠ ਹੋਣੇ ਚਾਹੀਦੇ ਹਨ। ਧੂਰੀ ਅਤੇ ਸੁਨਾਮ ਦੇ ਸਬ-ਡਵੀਜ਼ਨਲ ਹਸਪਤਾਲਾਂ (SDHs) ਨੂੰ ਵੀ ਇਹੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਹਰੇਕ ਵਿੱਚ ਸਿਰਫ਼ ਇੱਕ ਈਐਮਓ ਤਾਇਨਾਤ ਹੈ।
ਜੇ ਪੰਜਾਬ ਦੇ ਸਭ ਤੋਂ ਵੱਡੇ ਜ਼ਿਲੇ ਲੁਧਿਆਣਾ ਦਾ ਜ਼ਿਕਰ ਕੀਤਾ ਜਾਵੇ ਤਾਂ ਜ਼ਿਲ੍ਹੇ ਵਿੱਚ ਇੱਕ ਡਵੀਜ਼ਨਲ ਹਸਪਤਾਲ (DH), ਚਾਰ SDH, ਤੇ 10 ਕਮਿਊਨਿਟੀ ਹੈਲਥ ਸੈਂਟਰ (CHC) ਹਨ, ਪਰ ਸਿਰਫ਼ ਤਿੰਨ ਡਾਕਟਰ ਤਾਇਨਾਤ ਹਨ- ਇੱਕ DH ਵਿਖੇ, ਇੱਕ ਖੰਨਾ SDH ਵਿਖੇ, ਅਤੇ ਇੱਕ ਮਾਛੀਵਾੜਾ SDH ਵਿਖੇ। ਜਗਰਾਓਂ ਦਾ ਮਦਰ ਐਂਡ ਚਾਈਲਡ ਹਸਪਤਾਲ ਨਿਯਮਤ ਬਾਲ ਰੋਗਾਂ ਦੇ ਡਾਕਟਰ ਤੋਂ ਬਿਨਾਂ ਹੈ, ਲੋੜ ਪੈਣ 'ਤੇ ਦੂਜੇ ਹਸਪਤਾਲਾਂ ਤੋਂ ਆਨ-ਕਾਲ ਬਾਲ ਰੋਗਾਂ ਦੇ ਡਾਕਟਰ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਜੇ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ 152 ਮਨਜ਼ੂਰ ਅਸਾਮੀਆਂ ਦੇ ਮੁਕਾਬਲੇ ਸਿਰਫ਼ 51 ਸਪੈਸ਼ਲਿਸਟ ਡਾਕਟਰ ਅਤੇ 82 ਮਨਜ਼ੂਰ ਅਸਾਮੀਆਂ ਦੇ ਮੁਕਾਬਲੇ 23 ਮੈਡੀਕਲ ਅਫ਼ਸਰ ਹਨ।
ਇਸ ਨੂੰ ਲੈ ਕੇ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਿਸ਼ਾਨਾ ਸਾਧਿਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਸੇਵਾਵਾਂ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ, ਸਰਕਾਰੀ ਹਸਪਤਾਲਾਂ ਵਿੱਚ 59% ਮੈਡੀਕਲ ਅਫਸਰ ਅਤੇ 57% ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ! ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ 8 ਮਨਜ਼ੂਰਸ਼ੁਦਾ ਅਸਾਮੀਆਂ ਦੇ ਵਿਰੁੱਧ ਸਿਰਫ਼ ਇੱਕ ਐਮਰਜੈਂਸੀ ਮੈਡੀਕਲ ਅਫ਼ਸਰ (ਈਐਮਓ) ਤਾਇਨਾਤ ਹੈ!