ਗਗਨਦੀਪ ਸ਼ਰਮਾ, ਅੰਮ੍ਰਿਤਸਰ :  ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਇਸ ਵਾਰ ਅੱਤ ਦੀ ਗਰਮੀ ਵਿਚਾਲੇ ਅੰਮ੍ਰਿਤਸਰ 'ਚ ਪਹਿਲੀ ਵਾਰ ਪੁਲਿਸ ਵੱਲੋਂ ਜ਼ਬਰਦਸਤ ਚੌਕਸੀ/ ਨਿਗਰਾਨੀ ਰੱਖੀ ਗਈ ਜਿਸ ਤਹਿਤ ਸ਼ਹਿਰ 'ਚ ਵੱਖ ਵੱਖ ਜ਼ਿਲ੍ਹਿਆਂ ਤੋਂ ਫੋਰਸ ਮੰਗਵਾ ਕੇ 7000 ਦੇ ਕਰੀਬ ਪੁਲਿਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ। ਪਿਛਲੇ ਇਕ ਹਫਤੇ ਤੋਂ ਅੰਮ੍ਰਿਤਸਰ ਦਾ ਔਸਤਨ ਤਾਪਮਾਨ 45 ਡਿਗਰੀ ਰਿਹਾ ਹੈ ਤੇ ਲਗਾਤਾਰ ਜਿੱਥੇ ਅਸਮਾਨ ਤੋਂ ਸੂਰਜ ਅੱਗ ਵਰ੍ਹ ਰਿਹਾ ਹੈ।

ਦੂਜੇ ਪਾਸੇ ਗਰਮ ਹਵਾਵਾਂ ਤੇ ਚੱਲਦੀ ਲੂ ਅਤੇ ਤਪਦੀਆਂ ਸੜਕਾਂ 'ਤੇ ਆਪਣਾ ਫਰਜ਼ ਨਿਭਾਉਣ ਲਈ ਪੰਜਾਬ ਪੁਲਿਸ ਦੇ ਜਵਾਨ ਲਗਾਤਾਰ ਡਟੇ ਰਹੇ। ਵੱਖ ਵੱਖ ਥਾਵਾਂ 'ਤੇ ਪੁਲਿਸ ਵੱਲੋਂ ਕੀਤੀ ਗਈ ਨਾਕੇਬੰਦੀ 'ਤੇ ਕੁਝ ਜਗਾ ਅਜਿਹੀਆਂ ਵੀ ਹਨ ਜਿੱਥੇ ਨਾ ਤਾਂ ਪੀਣ ਵਾਲੇ ਪਾਣੀ ਦੀ ਵਿਵਸਥਾ, ਨਾ ਬੈਠਣ ਦੀ ਤੇ ਨਾ ਹੀ ਛਾਂ ਦਾ ਪ੍ਰਬੰਧ ਅਤੇ ਸੜਕ 'ਤੇ ਖੜਕੇ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਜਾਂਚ ਜਾਰੀ ਰੱਖੀ।

ਭਾਵੇਂ ਕਿ 6 ਜੂਨ ਤੋਂ ਬਾਅਦ ਪੁਲਿਸ ਕਰਮੀਆਂ ਨੇ ਕੁਝ ਸਖਤੀ ਤਾਂ ਘਟਾਈ ਹੈ ਪਰ ਨਾਕੇਬੰਦੀ ਹਾਲੇ 8 ਜੂਨ ਤਕ ਜਾਰੀ ਰਹੇਗੀ। ਗਰਮੀ ਦੌਰਾਨ ਡਿਊਟੀ 'ਤੇ ਤਾਇਨਾਤ ਵੱਖ ਵੱਖ ਮੁਲਾਜਮਾਂ ਨੇ ਦੱਸਿਆ ਕਿ ਉਨਾਂ ਦਾ ਮਕਸਦ ਸਿਰਫ ਡਿਊਟੀ ਕਰਨਾ ਹੈ ਜਿਵੇਂ ਅਧਿਕਾਰੀਆਂ ਦੇ ਹੁਕਮ ਹਨ ਤਾਂ ਕਿ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੇ। ਉਨ੍ਹਾਂ ਮੰਨਿਆ ਕਿ ਅੋਕੜਾਂ ਜਿੰਨੀਆਂ ਮਰਜ਼ੀ ਰਹੀਆਂ ਹੋਣ ਪਰ ਡਿਊਟੀ ਤਾਂ ਡਿਊਟੀ ਹੀ ਹੈ ਭਾਵੇਂ ਜਿੰਨੀ ਮਰਜ਼ੀ ਗਰਮੀ, ਸਰਦੀ, ਮੀੰਹ, ਹਨੇਰੀ ਹੋਵੇ ਡਿਊਟੀ ਕਰਨਾ ਉਨ੍ਹਾਂ ਦਾ ਫਰਜ ਹੈ।