Punjab News: ਪੰਜਾਬ ਸਰਕਾਰ ਬੇਸ਼ੱਕ ਪੰਜਾਬ ਅੰਦਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਆਫੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ ਕਿਉਂਕਿ ਜ਼ਿਲ੍ਹਾ ਬਠਿੰਡਾ ਦੇ ਦੋ S.M.O ਸਮੇਤ ਅੱਠ ਵੱਖ-ਵੱਖ ਮਾਹਿਰ ਡਾਕਟਰਾਂ ਨੇ ਸਿਹਤ ਵਿਭਾਗ ਨੂੰ ਨੌਕਰੀ ਛੱਡਣ ਦਾ ਨੋਟਿਸ ਦੇ ਦਿੱਤਾ ਹੈ। 


ਘਰ ਦੀ ਮਜਬੂਰੀਆਂ 'ਬਹਾਨਾਂ', ਹੋਰ ਹੈ ਅਸਲ ਵਜ੍ਹਾ ?


ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੋਰੋਨਾ ਕਾਲ ਦੌਰਾਨ ਬਠਿੰਡਾ ਜ਼ਿਲ੍ਹੇ ਦੇ 11 ਡਾਕਟਰ ਨੌਕਰੀ ਛੱਡ ਚੁੱਕੇ ਹਨ ਜਦੋਂ ਕਿ ਪਿਛਲੇ ਦੋ ਸਾਲਾਂ ਦੌਰਾਨ ਚਾਰ ਡਾਕਟਰ ਆਪਣੀ ਨੌਕਰੀ ਛੱਡ ਚੁੱਕੇ ਹਨ ਤੇ ਹੁਣ ਜਿਆਦਾਤਰ ਡਾਕਟਰ ਜੁਲਾਈ ਤੋਂ ਲੈ ਕੇ ਅਗਸਤ ਮਹੀਨੇ ਤੱਕ ਨੌਕਰੀ ਨੂੰ ਅਲਵਿਦਾ ਕਹਿ ਜਾਣਗੇ। ਨੌਕਰੀ ਛੱਡਣ ਵਾਲੇ ਡਾਕਟਰ ਬੇਸ਼ੱਕ ਆਪਣੇ ਨੋਟਿਸ ਵਿੱਚ ਘਰ ਦੀਆਂ ਮਜਬੂਰੀਆਂ ਦੱਸ ਰਹੇ ਹਨ ਪਰ ਮੁੱਖ ਵਜ੍ਹਾ ਕੰਮ ਦਾ ਵਾਧੂ ਦਬਾਅ ਦੱਸਿਆ ਜਾ ਰਿਹਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਡਾਕਟਰਾਂ ਨੂੰ ਪੂਰੀਆਂ ਤਨਖਾਹਾਂ ਵੀ ਨਹੀਂ ਮਿਲਦੀਆਂ।


SMO ਨੇ ਦੱਸਿਆ ਨੌਕਰੀ ਛੱਡਣ ਦਾ ਅਸਲ ਕਾਰਨ !


ਬਠਿੰਡਾ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਸਤੀਸ਼ ਜਿੰਦਲ ਨੇ ਵੀ ਆਪਣਾ ਨੌਕਰੀ ਛੱਡਣ ਦਾ ਨੋਟਿਸ ਸਿਹਤ ਵਿਭਾਗ ਨੂੰ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁੱਖ ਕਾਰਨ ਘਰੇਲੂ ਰਜੇਵੇ ਹਨ ਪਰ ਨਾਲ ਹੀ ਉਹਨਾਂ ਮੰਨਿਆ ਕੀ ਕਈ ਕਾਰਨ ਹਨ ਜਿਸ ਕਰਕੇ ਹੋਰ ਡਾਕਟਰ ਵੀ ਨੌਕਰੀ ਛੱਡ ਰਹੇ ਹਨ 


ਡਾਕਟਰਾਂ ਉੱਤੇ ਪਾਇਆ ਜਾ ਰਿਹਾ ਵਾਧੂ ਬੋਝ


ਉਧਰ ਦੂਜੇ ਪਾਸੇ ਡਾਕਟਰ ਯੂਨੀਅਨ ਦੇ ਆਗੂ ਵੀ ਮੰਨਦੇ ਹਨ ਕੀ ਡਾਕਟਰਾਂ ਨੂੰ ਮੁਸ਼ਕਿਲਾਂ ਹੋਣ ਕਾਰਨ ਨੌਕਰੀ ਛੱਡ ਰਹੇ ਹਨ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਭਰਤੀ ਨਾ ਹੋਣ ਕਾਰਨ ਡਾਕਟਰਾਂ 'ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ ਜਿਸਦੇ ਚਲਦਿਆਂ ਡਾਕਟਰਾਂ ਵੱਲੋਂ ਲਗਾਤਾਰ ਆਪਣੀ ਨੌਕਰੀ ਛੱਡਣ ਲਈ ਸਿਹਤ ਵਿਭਾਗ ਨੂੰ ਨੋਟਿਸ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਨੇ ਕਈ ਵਾਰ ਸਰਕਾਰ ਕੋਲੇ ਭਰਤੀ ਤੇ ਹੋਰ ਮੰਗਾਂ ਸਬੰਧੀ ਮੰਗ ਰੱਖੀ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ।


ਲੋਕ ਹੋ ਰਹੇ ਨੇ ਖੱਜਲ ਖੁਆਰ


ਉਧਰ ਡਾਕਟਰਾਂ ਦੇ ਨੋਟਿਸ ਦੇਣ ਤੋਂ ਬਾਅਦ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿਆਦਾਤਰ ਮਾਹਿਰ ਡਾਕਟਰਾਂ ਨੂੰ ਐਮਰਜੈਂਸੀ ਜਾਂ ਵੀਆਈਪੀ ਡਿਊਟੀਆਂ 'ਤੇ ਲਾ ਦਿੱਤਾ ਜਾਂਦਾ ਹੈ ਜਿਸ ਕਰਕੇ ਮਰੀਜ਼ ਡਾਕਟਰਾਂ ਦੀ ਮਹਾਰਤ ਦਾ ਫ਼ਾਇਦਾ ਨਹੀਂ ਲੈ ਸਕਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਬਿਲਡਿੰਗਾਂ ਤਾਂ ਬਣਾ ਰਹੀ ਹੈ ਪਰ ਇਸ ਵਿੱਚ ਡਾਕਟਰਾਂ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ