ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠਲੇ ਇਨਵੈਸਟ ਪੰਜਾਬ ਦੇ ਵਫ਼ਦ ਨੇ ਸ਼ੁੱਕਰਵਾਰ ਨੂੰ ਬੰਗਲੁਰੂ ਵਿੱਚ ਇਨਫੋਸਿਸ ਦੇ ਸਹਿ-ਬਾਨੀ ਤੇ ਨਾਨ-ਐਗਜ਼ੀਕਿਊਟਿਵ ਚੇਅਰਮੈਨ ਨੰਦਨ ਨੀਲਕਾਨੀ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ’ਚ ਇਨਵੈਸਟ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਤੇ ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ ਵੀ ਹਾਜ਼ਰ ਸਨ।

ਨੀਲਕਾਨੀ ਨਾਲ ਬੈਠਕ 'ਚ ਮੁਹਾਲੀ ਵਿੱਚ ਆਈਟੀ ਸਰਵਿਸਜ਼ ਢਾਂਚਾ ਵਿਕਸਤ ਕਰਨ ਬਾਰੇ ਚਰਚਾ ਕੀਤੀ ਗਈ। ਇਸ ਮਗਰੋਂ ਵਫ਼ਦ ਵੱਲੋਂ ਵੋਲਵੋ ਗਰੁੱਪ ਦੇ ਪ੍ਰਧਾਨ ਤੇ ਐਮਡੀ ਕਮਲ ਬਾਲੀ ਨਾਲ ਮੀਟਿੰਗ ਕੀਤੀ ਗਈ। ਵੋਲਵੋ ਦੇ ਡਿਜ਼ਾਈਨ ਸੈਂਟਰ ਤੇ ਡਰਾਈਵਰਾਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹਣ ਬਾਰੇ ਗੱਲਬਾਤ ਕੀਤੀ ਗਈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉੱਦਮੀਆਂ ਤੇ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ਕਾਂ ਤੇ ਸਨਅਤਾਂ ਪੱਖੀ ਮਾਹੌਲ ਹੈ। ਸਰਕਾਰ ਵੱਲੋਂ ਸਨਅਤਾਂ ਨੂੰ ਸਬਸਿਡੀਆਂ, ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਦਰਅਸਲ ਸੀਆਈਆਈ ਵੱਲੋਂ ਕਰਵਾਏ ਗਏ 8ਵੇਂ ਇਨਵੈਸਟ ਨਾਰਥ ਸੰਮੇਲਨ ਵਿੱਚ ਪੰਜਾਬ ਦਾ ਵਫਦ ਗਿਆ ਹੋਇਆ ਹੈ।