Storm in Punjab: ਬੀਤੇ ਦਿਨੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਸੂਬੇ ਅੰਦਰ ਵੱਡਾ ਨੁਕਸਾਨ ਹੋਇਆ ਹੈ। ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਬਠਿੰਡਾ, ਫਰੀਦਕੋਟ, ਲੁਧਿਆਣਾ, ਜਲੰਧਰ, ਮੋਗਾ ਦੇ ਇਲਾਕਿਆਂ 'ਚ ਮੀਂਹ ਦੇ ਨਾਲ-ਨਾਲ ਗੜੇਮਾਰੀ ਨੇ ਵੱਡਾ ਨੁਕਸਾਨ ਕੀਤਾ ਹੈ।
ਖੇਤੀਬਾੜੀ ਵਿਭਾਗ ਬਠਿੰਡਾ ਅਨੁਸਾਰ ਕਰੀਬ 1200-1300 ਏਕੜ ਕਣਕ, ਸਰ੍ਹੋਂ, ਸਬਜ਼ੀਆਂ ਆਦਿ ਦੀ ਫ਼ਸਲ 3 ਤੋਂ 5 ਫ਼ੀਸਦੀ ਤੱਕ ਪ੍ਰਭਾਵਿਤ ਹੋਈ ਹੈ। ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਵਿੱਚ 2 ਫੀਸਦੀ ਤੋਂ ਵੱਧ ਫਸਲਾਂ ਪ੍ਰਭਾਵਿਤ ਹੋਈਆਂ ਹਨ। ਅੰਮ੍ਰਿਤਸਰ ਵਿੱਚ 5,100 ਹੈਕਟੇਅਰ ਕਣਕ ਦੀ ਫ਼ਸਲ ਤਬਾਹ ਹੋ ਗਈ ਹੈ।
ਅੰਮ੍ਰਿਤਸਰ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਜਤਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਵਾਰ ਜ਼ਿਲ੍ਹੇ ਵਿੱਚ ਕਣਕ ਦੀ ਫ਼ਸਲ ਹੇਠ ਰਕਬਾ 1 ਲੱਖ 89 ਹਜ਼ਾਰ ਹੈਕਟੇਅਰ ਅਤੇ ਸਰ੍ਹੋਂ ਹੇਠ ਰਕਬਾ 3 ਹਜ਼ਾਰ ਹੈਕਟੇਅਰ ਹੈ। ਖੇਤੀਬਾੜੀ ਅਫ਼ਸਰ ਦਾ ਕਹਿਣਾ ਹੈ ਕਿ ਅਗੇਤੀ ਬੀਜੀ ਗਈ ਕਣਕ ਦੀ ਫ਼ਸਲ ਵਿੱਚੋਂ 5100 ਹੈਕਟੇਅਰ ਰਕਬੇ ਵਿੱਚ ਫ਼ਸਲ ਡਿੱਗ ਚੁੱਕੀ ਹੈ।
ਜਲੰਧਰ ਦੇ ਸ਼ਾਹਕੋਟ, ਨਕੋਦਰ, ਜਲੰਧਰ ਦੇ ਦਿਹਾਤੀ ਖੇਤਰਾਂ 'ਚ ਵੀ ਇਹੀ ਹਾਲ ਰਿਹਾ ਹੈ। ਮੋਗਾ ਵਿੱਚ 10-15 ਫੀਸਦੀ, ਫ਼ਿਰੋਜ਼ਪੁਰ, ਨਵਾਂਸ਼ਹਿਰ ਵਿੱਚ 5 ਫੀਸਦੀ ਅਤੇ ਲੁਧਿਆਣਾ ਵਿੱਚ 1.5 ਫੀਸਦੀ ਫਸਲਾਂ ਪ੍ਰਭਾਵਿਤ ਹੋਈਆਂ ਹਨ।
ਪ੍ਰਭਾਵਿਤ ਫਸਲਾਂ ਦਾ ਅੰਕੜਾ 9-10 ਹਜ਼ਾਰ ਏਕੜ ਦੇ ਵਿਚਕਾਰ ਹੋ ਸਕਦਾ ਹੈ, ਪਰ ਖੇਤੀਬਾੜੀ, ਪ੍ਰਸ਼ਾਸਨ ਅਤੇ ਮਾਲ ਵਿਭਾਗ ਦੀਆਂ ਟੀਮਾਂ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਪਿੰਡਾਂ ਵਿੱਚ ਜਾ ਕੇ ਜਾਇਜ਼ਾ ਲੈਂਦੀਆਂ ਰਹੀਆਂ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਸ ਜ਼ਿਲ੍ਹੇ ਵਿੱਚ ਕਿੰਨਾ ਨੁਕਸਾਨ ਹੋਇਆ ਹੈ। ਅੱਜ ਸੋਮਵਾਰ ਨੂੰ ਰਿਪੋਰਟ ਤਿਆਰ ਹੋ ਜਾਵੇਗੀ।
ਜਾਣਕਾਰੀ ਅਨੁਸਾਰ ਤੇਜ਼ ਹਵਾਵਾਂ ਕਾਰਨ ਕਈ ਗੁਦਾਮਾਂ ਦੇ ਸ਼ੈੱਡ ਉੱਡ ਗਏ, ਦਰੱਖਤ ਟੁੱਟ ਕੇ ਡਿੱਗ ਪਏ, ਬਿਜਲੀ ਦੇ ਖੰਭੇ ਵੀ ਟੁੱਟ ਗਏ ਹਨ, ਪੰਜਾਬ ਵਿੱਚ ਪਿਛਲੇ 48 ਘੰਟਿਆਂ ਵਿੱਚ 72 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।
ਐਤਵਾਰ ਤੱਕ 38 ਹਜ਼ਾਰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਬਾਅਦ ਵੀ 52 ਹਜ਼ਾਰ ਸ਼ਿਕਾਇਤਾਂ ਪੈਂਡਿੰਗ ਸਨ, ਕਈ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਦੀਆਂ ਖ਼ਬਰਾਂ ਆਈਆਂ, ਚੰਗੀ ਗੱਲ ਇਹ ਰਹੀ ਕਿ ਕਿਤੇ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਕਈ ਜ਼ਿਲ੍ਹਿਆਂ ਵਿੱਚ ਰਾਤ ਭਰ ਬਿਜਲੀ ਠੱਪ ਰਹੀ, ਰਾਹਤ ਦੀ ਗੱਲ ਇਹ ਹੈ ਕਿ ਮੌਸਮ 'ਚ ਠੰਢਕ ਕਾਰਨ ਸੂਬੇ 'ਚ ਬਿਜਲੀ ਦੀ ਮੰਗ ਕਰੀਬ 1 ਹਜ਼ਾਰ ਮੈਗਾਵਾਟ ਘਟ ਕੇ 6500 ਮੈਗਾਵਾਟ ਰਹਿ ਗਈ ਹੈ। ਮੰਗ ਘੱਟ ਹੋਣ ਕਾਰਨ ਪਾਵਰਕੌਮ ਨੇ ਰੋਪੜ, ਲਹਿਰਾ ਅਤੇ ਜੀਵੀਕੇ ਪਾਵਰ ਥਰਮਲ ਪਲਾਂਟਾਂ ਦਾ ਇੱਕ-ਇੱਕ ਯੂਨਿਟ ਬੰਦ ਕਰ ਦਿੱਤਾ ਹੈ।