ਗੁਰਦਾਸਪੁਰ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ 95 ਫੀਸਦੀ ਨਜਾਇਜ਼ ਖੱਡਾਂ ਬੰਦ ਹੋ ਗਈਆਂ ਹਨ। ਇਸ ਕਰਕੇ ਪੰਜਾਬ ਵਿੱਚ ਰੇਤਾ ਮਹਿੰਗਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਜਲਦ ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਤੇ ਬੱਜ਼ਰੀ ਮੁਹੱਈਆ ਕਾਰਵਾਂਵਾਂਗੇ, ਜਿਸ ਦੀ ਤਿਆਰੀ ਪੂਰੇ ਜੋਰਾਂ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਬਹੁਤ ਜਲਦ ਪੰਜਾਬ ਦੇ ਲੋਕ ਆਨਲਾਈਨ ਰੇਤਾ ਬਜਰੀ ਖਰੀਦ ਸਕਣਗੇ। ਜਦੋਂ ਲੋਕ ਆਨਲਾਈਨ ਰੇਤਾ ਬਜਰੀ ਖਰੀਦਣਗੇ, ਉਹ ਸਾਰੇ ਪੈਸੇ ਸਰਕਾਰ ਦੇ ਖਾਤੇ 'ਚ ਪੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਿਨ ਰਾਤ ਮਾਈਨਿੰਗ ਪਾਲਿਸੀ ਬਣਾਉਣ ਵਿਚ ਲੱਗੀ ਹੋਈ ਹੈ, ਬਹੁਤ ਜਲਦੀ ਪੰਜਾਬ ਦੇ ਲੋਕਾਂ ਨੂੰ ਮਾਈਨਿੰਗ ਪਾਲਿਸੀ ਮਿਲੇਗੀ।

ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ 'ਚ ਪੈਂਦੇ ਇਤਿਹਾਸਿਕ ਗੁਰਦਵਾਰਾ ਛੋਟ ਘੱਲੂਘਾਰਾ ਸਾਹਿਬ ਜਿੱਥੇ 11000 ਤੋਂ ਵੱਧ ਸਿੰਘ ਸਿੰਘਣੀਆਂ ਮੁਗਲ ਫੌਜ਼ਾਂ ਨਾਲ ਜੰਗ ਦੌਰਾਨ ਸ਼ਹੀਦ ਹੋਏ ਸੀ, ਉੱਥੇ ਅੱਜ ਸ਼ਹੀਦਾਂ ਦੀ ਯਾਦ ਵਿੱਚ ਰਾਜ ਪਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਬਟਾਲਾ ਤੋਂ ਵਿਧਾਇਕ ਅਮਰ ਸ਼ੇਰ ਸਿੰਘ ਕਲਸੀ ਤੇ ਹਲਕਾ ਕਾਦੀਆਂ ਤੋਂ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਸ਼ਿਰਕਤ ਕੀਤੀ ਤੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੁੰਦੇ ਹੋਏ ਧਾਰਮਿਕ ਸਮਾਗਮ 'ਚ ਸ਼ਮੂਲੀਅਤ ਕੀਤੀ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਜੋਤ ਬੈਂਸ ਨੇ ਕਿਹਾ ਕਿ ਸ਼ਹੀਦਾਂ ਦੇ ਅਸਥਾਨ 'ਤੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ। ਇਸ ਸ਼ਹੀਦੀ ਸਮਾਰਕ 'ਚ ਜੋ ਵੀ ਕੋਈ ਕਮੀ ਹੈ, ਉਸ ਨੂੰ ਪਹਿਲ ਦੇ ਅਧਾਰ 'ਤੇ ਦੂਰ ਕੀਤਾ ਜਾਏਗਾ। ਪੰਜਾਬ ਦੀਆਂ ਜੇਲ੍ਹਾਂ ਦੇ ਹਾਲਾਤ ਬਾਰੇ ਗੱਲ ਕਰਦੇ ਮੰਤਰੀ ਨੇ ਕਿਹਾ ਪੰਜਾਬ ਦੀਆਂ ਜੇਲ੍ਹਾਂ 'ਚ ਬਹੁਤ ਤੇਜੀ ਨਾਲ ਸੁਧਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਦੇ ਸਮੇਂ ਜਿਨ੍ਹਾਂ ਲੋਕਾਂ ਨੂੰ ਜੇਲ੍ਹਾਂ ਅੰਦਰ ਸੁੱਖ ਸੁਵਿਧਾਵਾਂ ਮਿਲਦੀਆਂ ਸਨ, ਉਹ ਸੁਵਿਧਾਵਾਂ ਸਾਡੀ ਸਰਕਾਰ ਵੱਲੋਂ ਪੂਰੀ ਤਰ੍ਹਾਂ ਬੰਦ ਕੀਤੀਆਂ ਗਈਆਂ ਹਨ।

ਬੈਂਸ ਨੇ ਕਿਹਾ ਕਿ ਖਾਸ ਤੌਰ 'ਤੇ ਜੋ ਜੇਲ੍ਹਾਂ 'ਚ ਵੀਆਈਪੀ ਬੈਰਕਾਂ ਸਨ, ਉਹ ਖਤਮ ਕੀਤੀਆਂ ਜਾ ਚੁਕੀਆਂ ਹਨ ਤੇ ਉਸ ਦੇ ਨਾਲ ਹੀ ਜੇਲ੍ਹ 'ਚ ਫੋਨ ਚਲਦੇ ਸਨ, ਉਸ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤੇ ਉਹ ਪੂਰਨ ਤੌਰ 'ਤੇ ਜਲਦ ਬੰਦ ਕੀਤੇ ਜਾਣਗੇ। ਉਥੇ ਹੀ ਜੋ ਬੀਤੇ ਦਿਨ ਜੋ ਅੰਮ੍ਰਿਤਸਰ ਜੇਲ੍ਹ 'ਚੋਂ ਵੀਡੀਓ ਵਾਇਰਲ ਹੋਈ ਸੀ, ਉਸ 'ਤੇ ਮੰਤਰੀ ਦਾ ਕਹਿਣਾ ਸੀ ਕਿ ਇਹ ਛੋਟੀਆਂ ਮੋਟੀ ਘਟਨਾਵਾਂ ਆਮ ਹੁੰਦੀਆਂ ਹਨ।