ਮਹਿਤਾਬ-ਉਦ-ਦੀਨ
ਚੰਡੀਗੜ੍ਹ: ਜੇ 95 ਸਾਲਾ ਬੀਬੀ ਹਰਭਜਨ ਕੌਰ ਨੂੰ ਵੇਖੀਏ, ਤਾਂ ਸੱਚਮੁਚ ਇਹੋ ਜਾਪਦਾ ਹੈ ਕਿ ‘ਉਮਰਾਂ ’ਚ ਕੁਝ ਨਹੀਂ ਰੱਖਿਆ।’ ਤੁਸੀਂ ਕਿਸੇ ਵੀ ਉਮਰ ਵਿੱਚ ਜੇ ਕੁਝ ਵੀ ਪੱਕੇ ਤੇ ਦ੍ਰਿੜ੍ਹ ਇਰਾਦੇ ਨਾਲ ਧਾਰ ਲਵੋਂ, ਤਾਂ ਸਫ਼ਲਤਾ ਜ਼ਰੂਰ ਤੁਹਾਡੇ ਕਦਮ ਚੁੰਮੇਗੀ। ਦਰਅਸਲ, ਬੀਬੀ ਹਰਭਜਨ ਕੌਰ ਹੁਰਾਂ ਨੇ ਪੰਜ ਕੁ ਸਾਲ ਪਹਿਲਾਂ 90 ਸਾਲ ਦੀ ਉਮਰ ਵਿੱਚ ਆਪਣਾ ‘ਫ਼ੂਡ ਕਾਰੋਬਾਰ’ ਸ਼ੁਰੂ ਕਰਨ ਦਾ ਵਿਚਾਰ ਬਣਾਇਆ ਸੀ। ਉਨ੍ਹਾਂ ਸ਼ੁਰੂਆਤ ਕੀਤੀ ਸੀ ‘ਬੇਸਣ ਦੀ ਬਰਫ਼ੀ’ ਤੋਂ।
ਚੰਡੀਗੜ੍ਹ ਨੂੰ ਆਪਣੀ ਕਰਮ ਭੂਮੀ ਬਣਾਉਣ ਵਾਲੇ ਬੀਬੀ ਹਰਭਜਨ ਕੌਰ ਨੂੰ ਸ਼ੁਰੂ ਤੋਂ ਹੀ ਖਾਣਾ ਬਣਾਉਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੇ ਹੱਥ ਦੀ ਬਣੀ ਬਰਫ਼ੀ ਪਹਿਲੇ ਦਿਨ ਤੋਂ ਕੁਝ ਹੀ ਘੰਟਿਆਂ ਅੰਦਰ ਵਿਕ ਜਾਂਦੀ ਸੀ। ਪਹਿਲੇ ਦਿਨ ਉਨ੍ਹਾਂ ਨੂੰ ਬਰਫ਼ੀ ਵੇਚ ਕੇ 2,000 ਰੁਪਏ ਬਣੇ ਸਨ।
ਹੁਣ ਬੀਬੀ ਹਰਭਜਨ ਕੌਰ ਦੇ ਕਾਰੋਬਾਰ ਦੀ ਹਰਮਨਪਿਆਰਤਾ ਬਹੁਤ ਜ਼ਿਆਦਾ ਵਧ ਚੁੱਕੀ ਹੈ। ਉਨ੍ਹਾਂ ਨੂੰ ਪਿਛਲੇ ਵਰ੍ਹੇ 2020 ਦਾ ਉੱਦਮੀ ਐਵਾਰਡ ਵੀ ਮਿਲ ਚੁੱਕਾ ਹੈ। ਪਿਛਲੇ ਸਾਲ ਭਾਵੇਂ ਉਹ ਕੁਝ ਦਿਨਾਂ ਲਈ ਕੋਰੋਨਾਵਾਇਰਸ ਦੀ ਲਪੇਟ ’ਚ ਵੀ ਆ ਗਏ ਸਨ ਪਰ ਉਨ੍ਹਾਂ ਇਸ ਖ਼ਤਰਨਾਕ ਮਹਾਮਾਰੀ ਨੂੰ ਵੀ ਹਰਾ ਦਿੱਤਾ ਸੀ। ਬੀਬੀ ਹਰਭਜਨ ਕੌਰ ਇੰਸਟਾਗ੍ਰਾਮ ਉੱਤੇ ਵੀ ਇੱਕ ‘ਸਟਾਰ’ ਹਨ, ਜਿੱਥੇ ਉਨ੍ਹਾਂ ਦੇ 12,000 ਤੋਂ ਵੀ ਵੱਧ ਫ਼ਾਲੋਅਰਜ਼ ਹਨ। ਇੰਸਟਾ ਲਈ ਉਨ੍ਹਾਂ ਦੀ ਦੋਹਤਰੀ ਸੁਪ੍ਰਿਆ ਉਨ੍ਹਾਂ ਦੇ ਨਿੱਕੇ-ਨਿੱਕੇ ਵੀਡੀਓਜ਼ ਬਣਾਉਂਦੇ ਰਹਿੰਦੇ ਹਨ।
ਪਿਛਲੇ ਹਫ਼ਤੇ ਬੀਬੀ ਹਰਭਜਨ ਕੌਰ ਦੇ ਅਕਾਊਂਟ ਉੱਤੇ ਇੱਕ ਨਿੱਕੀ ਵਿਡੀਓ ਪੋਸਟ ਕੀਤੀ ਗਈ ਸੀ; ਜਿਸ ਵਿੱਚ ਉਹ ਸੰਤਰੇ ਦਾ ਸਕੁਐਸ਼ ਤਿਆਰ ਕਰਦੇ ਵਿਖਾਈ ਦੇ ਰਹੇ ਹਨ। ਉਹ ਦੱਸਦੇ ਹਨ ਕਿ ਇਹ ਸਕੁਐਸ਼ ਵਿਟਾਮਿਨ, ਖਣਿਜ ਪਦਾਰਥਾਂ ਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।
ਬੀਬੀ ਹਰਭਜਨ ਕੌਰ ਦਾ ਮੰਨਣਾ ਹੈ ਕਿ ਔਰਤ ਨੂੰ ਆਰਥਿਕ ਆਜ਼ਾਦੀ ਹਾਸਲ ਕਰਨ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਉਹ ਆਪਣੀ ਕਾਮਯਾਬੀ ਨੂੰ ‘ਵਾਹਿਗੁਰੂ ਦੀ ਮਿਹਰ’ ਦੱਸਦੇ ਹਨ। ਉਨ੍ਹਾਂ ਦੇ ਕੰਮ ਵਿੱਚ ਉਨ੍ਹਾਂ ਦੀ ਧੀ ਰਵੀਨਾ ਸੂਰੀ ਵੀ ਹੱਥ ਵਟਾਉਂਦੇ ਹਨ। ਬੀਬੀ ਹਰਭਜਨ ਕੌਰ ਦਾ ਦੋਹਤਰਾ ਮਾਨਵ ਸੂਰੀ ਖ਼ੁਦ ਇੱਕ ਟ੍ਰੇਂਡ ਸ਼ੈੱਫ਼ ਹਨ; ਪ੍ਰੋਡਕਸ਼ਨ ਦਾ ਕੰਮ ਉਹੀ ਸੰਭਾਲਦੇ ਹਨ।
ਸੁਪ੍ਰਿਆ ਨੇ ਦੱਸਿਆ ਕਿ ਹੁਣ ਉਮਰ ਦੇ ਤਕਾਜ਼ੇ ਕਾਰਨ ਬੀਬੀ ਹਰਭਜਨ ਕੌਰ ਹਫ਼ਤੇ ਦੇ ਤਿੰਨ ਦਿਨ ਹੀ ਕੰਮ ਕਰ ਪਾਉਂਦੇ ਹਨ। ਉਨ੍ਹਾਂ ਦੇ ਗਾਹਕ ਪੰਜਾਬ, ਮੁੰਬਈ ਤੇ ਦਿੱਲੀ ਤੱਕ ਤੋਂ ਹਨ। ਉਨ੍ਹਾਂ ਦੀਆਂ ਬ੍ਰਾਂਚਾਂ ਕੋਇੰਬਟੂਰ, ਹੈਦਰਾਬਾਦ ਜਿਹੇ ਸ਼ਹਿਰਾਂ ਵਿੱਚ ਵੀ ਖੁੱਲ੍ਹ ਗਈਆਂ ਹਨ। ਬੀਬੀ ਹਰਭਜਨ ਕੌਰ ਦੇ ਬਣੇ ਖਾਣੇ ਫ਼ਿਲਮ ਅਦਾਕਾਰ ਅਨਿਲ ਕਪੂਰ, ਨੀਤੂ ਸਿੰਘ, ਕਰਨ ਜੌਹਰ ਵੀ ਖਾ ਚੁੱਕੇ ਹਨ।