Punjab news: ਦਿੜਬਾ ਦੇ ਪਿੰਡ ਲਾਡਵੰਜਾਰਾ ਕਲਾਂ ਵਿੱਚ ਬੀਤੀ ਰਾਤ ਇੱਕ ਮਜ਼ਦੂਰ ਦੇ ਘਰ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਜਿਸ ਕਰਕੇ ਪੂਰਾ ਘਰ ਸੜ ਕੇ ਸੁਆਹ ਹੋ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੈ।
ਪੀੜਤ ਬਲਵਿੰਦਰ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਅਤੇ ਦੋ ਬੱਚਿਆਂ ਨਾਲ ਇੱਕ ਛੋਟੇ ਜਿਹੇ ਘਰ ਵਿੱਚ ਆਪਣਾ ਜ਼ਿੰਦਗੀ ਗੁਜ਼ਾਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪੀੜਤ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਰਾਤ ਨੂੰ ਉਸੇ ਕਮਰੇ ਵਿੱਚ ਸੌਂ ਰਹੇ ਸੀ ਜਿਸ ਵਿੱਚ ਅੱਗ ਲੱਗੀ ਸੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਅਤੇ ਫਿਰ ਫਰਿੱਜ ਅਤੇ ਫਿਰ ਹੌਲੀ-ਹੌਲੀ ਸਾਰੇ ਘਰ ਨੂੰ ਅੱਗ ਲੱਗ ਗਈ। ਸਾਰੇ ਸਮਾਨ ਨੂੰ ਅੱਗ ਲੱਗ ਗਈ ਅਤੇ ਸੜ ਕੇ ਸੁਆਹ ਹੋ ਗਿਆ।
ਬਲਵਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਮੈਂ ਆਪਣੀ ਲੜਕੀ ਦੇ ਵਿਆਹ ਲਈ ਸਮਾਨ ਪੈਕ ਕੀਤਾ ਸੀ ਤਾਂ ਜੋ ਮੈਂ ਆਪਣੀ ਲੜਕੀ ਨੂੰ ਦਾਜ ਵਜੋਂ ਕੱਪੜੇ ਅਤੇ ਕੁਝ ਭਾਂਡੇ ਦੇ ਸਕਾਂ, ਪਰ ਅੱਗ ਲੱਗਣ ਕਾਰਨ ਪੇਟੀ ਅਤੇ ਡੱਬੇ ਵਿਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।
ਇਹ ਵੀ ਪੜ੍ਹੋ: Punjab News: ਦਿਵਿਆਂਗਜਨਾਂ ਲਈ ਰਾਖਵੀਆਂ ਅਸਾਮੀਆਂ ਭਰਨ ਲਈ ਕਾਰਵਾਈ ਤੇਜ਼: ਡਾ. ਬਲਜੀਤ ਕੌਰ
ਉਨ੍ਹਾਂ ਕਿਹਾ ਕਿ ਮੇਰਾ ਲੜਕਾ 7ਵੀਂ ਅਤੇ ਧੀ 12ਵੀਂ ਜਮਾਤ 'ਚ ਸਰਕਾਰੀ ਸਕੂਲ 'ਚ ਪੜ੍ਹਦੀ ਹੈ ਅਤੇ ਅਸੀਂ ਦੋਵੇਂ ਪਤੀ-ਪਤਨੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਜ਼ਦੂਰੀ ਕਰਦੇ ਸੀ, ਹੁਣ ਸਾਨੂੰ ਆਪਣਾ ਘਰ ਦੁਬਾਰਾ ਜੋੜਨਾ ਪਵੇਗਾ।
ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉਨ੍ਹਾਂ ਕੋਲ ਘਰ 'ਤੇ ਰਹਿਣ ਲਈ ਛੱਤ ਵੀ ਨਹੀਂ ਹੈ ਕਿਉਂਕਿ ਇਹ ਕੱਚਾ ਮਕਾਨ ਹੋਣ ਕਾਰਨ ਇੱਥੇ ਇਕ ਹੀ ਕਮਰਾ ਸੀ, ਜਿਸ ਕਰਕੇ ਬਾਲਿਆਂ ਵਾਲੀ ਛੱਤ ਨੂੰ ਅੱਗ ਲੱਗ ਗਈ। ਪਰਿਵਾਰ ਠੰਡ ਦੇ ਦਿਨਾਂ 'ਚ ਬਿਨਾਂ ਛੱਤ ਤੋਂ ਗੁਜ਼ਾਰਾ ਕਰਨ ਲਈ ਮਜ਼ਬੂਰ ਹੈ। ਉਨ੍ਹਾਂ ਨੇ ਸਰਕਾਰ ਅਤੇ ਸਮਾਜ ਸੇਵੀਆਂ ਨੂੰ ਪਰਿਵਾਰ ਦੀ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Punjab Police: ਹੁਣ ਅਪਰਾਧੀਆਂ ਦੀ ਖ਼ੈਰ ਨਹੀਂ ! CM ਮਾਨ ਨੇ ਪੁਲਿਸ ਨੂੰ ਦਿੱਤੀ ਖੁੱਲ੍ਹੀ ਛੁੱਟੀ, ਕਿਹਾ-ਮਿਟਾ ਦਿਓ ਖੁਰਾ ਖੋਜ !