Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਚੇ ਦਾ ਵਿਕਾਸ, ਸਕਿਊਰਿਟੀ ਗਾਰਡ, ਕੈਂਪਸ ਮੈਨੇਜਰ, ਸਫਾਈ ਸੇਵਕ, ਚੋਂਕੀਦਾਰ ਅਤੇ 18 ਹਜ਼ਾਰ ਸਰਕਾਰੀ ਸਕੂਲਾਂ ਵਿਚ ਚਾਰਦੀਵਾਰੀ ਦਾ ਕੰਮ ਕੀਤਾ ਜਾ ਰਿਹਾ ਹੈ।


ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਨੇ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਚੰਡੇਸਰ, ਮਥੁਰਾ, ਗਰਾ ਤੇ ਘਨਾਰੂ ਵਿੱਚ ਲਾਏ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਆਏ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਹਿੱਤ ਸ਼ਮੂਲੀਅਤ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ 10 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਸਰਕਾਰੀ ਹਸਪਤਾਲ ਵਿੱਚ ਦਵਾਈਆ, ਟੈਸਟ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਅਲਟ੍ਰਾਸਾਊਡ, ਐਕਸ-ਰੇ ਵਰਗੇ ਟੈਸਟ ਵੀ ਸਰਕਾਰੀ ਹਸਪਤਾਲ ਦੀ ਪਰਚੀ ਤੋਂ ਪ੍ਰਾਈਵੇਟ ਸੈਂਟਰ ਵਿੱਚ ਜਾ ਕੇ ਕਰਵਾਏ ਜਾ ਸਕਦੇ ਹਨ, ਜਿਸ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਵਿੱਚ 40 ਹਜ਼ਾਰ ਤੋ ਵੱਧ ਨੋਕਰੀਆਂ ਦਿੱਤੀਆ ਗਈਆਂ ਹਨ, ਖੇਡਾਂ ਲਈ ਢੁਕਵਾ ਮਾਹੋਲ ਸਿਰਜਣ ਲਈ ਖੇਡ ਮੈਦਾਨ ਬਣਾਂਏ ਜਾ ਰਹੇ ਹਨ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਤੀਰਥ ਯਾਤਰਾ ਸਕੀਮ ਸੁਰੂ ਕੀਤੀ ਗਈ ਹੈ ਅਤੇ ਘਰ ਘਰ ਰਾਸ਼ਨ ਸਕੀਮ ਸੁਰੂ ਕੀਤੀ ਗਈ ਹੈ, ਜਿਸ ਦਾ ਗਰੀਬ ਵਰਗ ਨੂੰ ਬਹੁਤ ਲਾਭ ਮਿਲੇਗਾ।


ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਲੋਕਾਂ ਵਾਸਤੇ ਰੋਜ਼ਾਨਾ ਲਏ ਜਾ ਰਹੇ ਇਤਿਹਾਸਕ ਫੈਸਲਿਆਂ ਦੀ ਲੜੀ ਵਿੱਚ "ਆਪ ਦੀ ਸਰਕਾਰ ਆਪ ਦੇ ਦੁਆਰ" ਤਹਿਤ ਲਗਾਏ ਗਏ ਕੈਂਪਾਂ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ।  ਲੋਕਾਂ ਵੱਲੋਂ ਇੱਕੋ ਛੱਤ ਥੱਲੇ ਮਿਲ ਰਹੀਆਂ ਇਨ੍ਹਾਂ ਸਰਕਾਰੀ ਸੇਵਾਵਾਂ ਦਾ ਵੱਡੇ ਪੱਧਰ ਤੇ ਲਾਭ ਲਿਆ ਜਾ ਰਿਹਾ ਹੈ।


ਅੱਜ ਚੰਡੇਸਰ, ਮਥੁਰਾ, ਗਰਾ, ਘਨਾਰੂ, ਸੂਰੇਵਾਲ ਲੋਅਰ, ਡੱਬਰੀ, ਲੋਦੀਪੁਰ, ਲੋਦੀਪੁਰ ਬਾਸ ਝੁੰਗੀਆਂ ਵਿਖੇ ਲੱਗੇ ਕੈਂਪਾਂ ਵਿੱਚ ਲੋਕਾ ਦੀਆਂ ਸਮੱਸਿਆਵਾਂ ਮੌਕੇ ਤੇ ਹੀ ਹੱਲ ਕਰਵਾਈਆਂ ਗਈਆਂ, ਬਕਾਇਆ ਮਾਮਲਿਆਂ ਦਾ ਸਮਾਬੱਧ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਵੱਖ-ਵੱਖ ਤਰ੍ਹਾਂ ਦੀਆਂ 44 ਸੇਵਾਵਾਂ ਆਪਣੇ ਘਰਾਂ ਨੇੜੇ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਉਹ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਤੱਕ ਮੁਹੱਈਆ ਕਰਵਾਈਆਂ ਜਾਣਗੀਆਂ।


ਬੈਂਸ ਨੇ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਸਰਕਾਰ ਦੇ ਲੋਕ ਹਿੱਤ ਫੈਸਲਿਆਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਉਣ ਵਾਸਤੇ, ਪੰਜਾਬ ਸਰਕਾਰ ਵੱਲੋਂ ਪ੍ਰਚਾਰ ਵੈਨਾਂ ਵੀ ਭੇਜੀਆਂ ਗਈਆਂ ਹਨ ਜੋ ਕਿ ਪਿੰਡਾਂ ਦੇ ਲੋਕਾਂ ਵਿੱਚ ਕੈਂਪਾਂ ਦੌਰਾਨ ਵੱਧ ਤੋਂ ਵੱਧ ਪ੍ਰਚਾਰ ਕਰਨਗੀਆਂ ਤਾਂ ਜੋ ਕੋਈ ਵੀ ਨਾਗਰਿਕ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।