Punjab News: ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਹਫ਼ਤੇ ਟੀਚਰ ਆਫ਼ ਦਾ ਵੀਕ ਸਾਹਮਣੇ ਲਿਆਂਦੇ ਜਾਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਤੇ ਸੰਘਰਸ਼ ਬਾਰੇ ਪ੍ਰੈੱਸ ਤੇ ਪੰਜਾਬ ਨੂੰ ਦੱਸਿਆ ਜਾਵੇਗਾ। ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਸੰਬੋਧਨ ਕਰ ਰਹੇ ਸੀ।


 


ਸੰਗਰੂਰ ਦੇ ਸਕੂਲ ਦੇ ਇੱਕ ਅਧਿਆਪਕ ਜੋੜੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਕੂਲ ਨੂੰ ਦੇ ਦਿੱਤੀ ਹੈ। ਛੁੱਟੀਆਂ ਤੋਂ ਬਾਅਦ ਵੀ ਉਹ ਸਕੂਲ ਵਿੱਚ ਹੀ ਰਹਿੰਦੇ ਹਨ ਤੇ ਬੱਚਿਆਂ ਨੂੰ ਖੇਡਾਂ ਖਿਡਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਸਿੱਖਿਆ ਵਿਭਾਗ ਹੈ ਤੇ ਅਜਿਹੀਆਂ ਸੈਂਕੜੇ ਮਿਸਾਲਾਂ ਹਨ।






ਇਸ ਤੋਂ ਪਹਿਲਾਂ ਬੈਂਸ ਨੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਾ ਚਾਰਜ ਸੌਂਪਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਸਿੱਖਿਆ ਵਿਭਾਗ ਨੂੰ ਸਿਰਫ਼ ਧਰਨਿਆਂ ਤੇ ਲਾਠੀਚਾਰਜ ਵਾਲਾ ਮਹਿਕਮਾ ਸਮਝਿਆ ਜਾਂਦਾ ਸੀ, ਜੋ ਪੰਜਾਬ ਦੀ ਤ੍ਰਾਸਦੀ ਹੈ। ਜਿਸ ਵਿਭਾਗ ਦੇ ਹੱਥਾਂ ਵਿੱਚ ਹਰ ਬੱਚੇ ਦਾ ਭਵਿੱਖ ਹੈ, ਉਸ ਨੂੰ ਹੀ ਧਰਨਿਆਂ ਵਾਲਾ ਵਿਭਾਗ ਮੰਨਿਆ ਜਾਂਦਾ ਸੀ।


ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 14 ਮਹੀਨਿਆਂ ਦੇ ਕਾਰਜਕਾਲ ਦੌਰਾਨ 500 ਤੋਂ ਵੱਧ ਸਕੂਲਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਦੇਖਿਆ ਕਿ ਵਿਭਾਗ ਕੋਈ ਧਰਨਿਆਂ ਦਾ ਵਿਭਾਗ ਨਹੀਂ। ਟੈਂਕੀਆਂ 'ਤੇ ਸਿਰਫ਼ ਕੁਝ ਲੋਕ ਹੀ ਚੜ੍ਹੇ। ਕਈ ਮੁਲਾਜ਼ਮਾਂ ਦੀਆਂ ਮੰਗਾਂ ਜਾਇਜ਼ ਸਨ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਗਰਾਂਟਾਂ ਨਾ ਦੇ ਕੇ ਸਰਕਾਰੀ ਸਕੂਲਾਂ ਦੀ ਹਾਲਤ ਖਰਾਬ ਕਰ ਦਿੱਤੀ ਸੀ ਪਰ ਅਧਿਆਪਕਾਂ ਨੇ ਆਪਣੀ ਮਿਹਨਤ ਦੀ ਕਮਾਈ ਤੇ ਲੋਕਾਂ ਦੇ ਸਹਿਯੋਗ ਨਾਲ ਸਕੂਲਾਂ ਦੀ ਸਾਂਭ-ਸੰਭਾਲ ਕੀਤੀ। 



ਉਨ੍ਹਾਂ ਨਾਭਾ ਦੇ ਇੱਕ ਹਾਈ ਸਕੂਲ ਥੂਈ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇੱਥੇ ਅਧਿਆਪਕ ਉਨ੍ਹਾਂ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਰੱਖ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਦੇ ਹਨ, ਜੋ ਗਰੀਬੀ ਕਾਰਨ ਸਿੱਖਿਆ ਹਾਸਲ ਕਰਨ ਤੋਂ ਅਸਮਰੱਥ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਜਨਾਲਾ ਦੇ ਇੱਕ ਸਕੂਲ ਦੀਆਂ ਕਈ ਬੱਸਾਂ ਦੇਖੀਆਂ। ਉਨ੍ਹਾਂ ਨੇ ਸੋਚਿਆ ਕਿ ਇਹ ਕੋਈ ਨਾਮਵਰ ਪ੍ਰਾਈਵੇਟ ਸਕੂਲ ਹੋਵੇਗਾ ਪਰ ਪਤਾ ਲੱਗਾ ਕਿ ਇਹ ਟਪਿਆਲਾ ਦਾ ਸਰਕਾਰੀ ਲੜਕੀਆਂ ਦਾ ਸਕੂਲ ਹੈ।