Road Accident: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਵਿੱਚ ਤਿੰਨ ਕਾਰਾਂ ਵਿਚਾਲੇ ਹੋਈ ਟੱਕਰ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਅੱਧੀ ਦਰਜਨ ਕਾਰ ਸਵਾਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸ੍ਰੀਗੰਗਾਨਗਰ ਦਾ ਰਹਿਣ ਵਾਲਾ ਰਾਵਲ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਮਲੇਰਕੋਟਲਾ ਵਿਖੇ ਮੱਥਾ ਟੇਕ ਕੇ ਆਪਣੀ ਸਵਿਫਟ ਡਿਜ਼ਾਇਰ ਕਾਰ ਵਿੱਚ ਪਿੰਡ ਪਰਤ ਰਿਹਾ ਸੀ। ਜਦੋਂ ਉਹ ਮਾਰਕਫੈੱਡ ਪਲਾਂਟ ਨੇੜੇ ਚੌਰਾਹੇ 'ਤੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੰਬਰ ਪੀ.ਬੀ.03ਬੀ.ਐਚ.1975 ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਕਤ ਕਾਰ ਗਿੱਦੜਬਾਹਾ ਵਾਲੇ ਪਾਸੇ ਤੋਂ ਚੌਰਾਹੇ 'ਤੇ ਸੜਕ ਪਾਰ ਕਰ ਰਹੀ ਆਲਟੋ ਕਾਰ ਨੰਬਰ ਪੀ.ਬੀ.30 ਜੇ-3405 ਨਾਲ ਟਕਰਾ ਗਈ, ਜਿਸ ਨੂੰ ਸੁਖਪਾਲ ਸਿੰਘ ਚਲਾ ਰਿਹਾ ਸੀ।


ਹਸਪਤਾਲ ਲਿਜਾਂਦੇ ਸਮੇਂ ਔਰਤ ਦੀ ਮੌਤ 


ਇਸ ਹਾਦਸੇ ਵਿੱਚ ਸਵਿਫਟ ਕਾਰ ਵਿੱਚ ਸਵਾਰ ਰਵੇਲ ਸਿੰਘ, ਰਵਿੰਦਰ ਸਿੰਘ, ਸੁਰਿੰਦਰ ਕੌਰ, ਸਕਾਰਪੀਓ ਵਿੱਚ ਸਵਾਰ ਸੁਰਮਨਦੀਪ ਸਿੰਘ ਤੇ ਕਾਲਾ ਸਿੰਘ ਅਤੇ ਆਲਟੋ ਕਾਰ ਵਿੱਚ ਸਵਾਰ ਸੁਖਪਾਲ ਸਿੰਘ ਜ਼ਖ਼ਮੀ ਹੋ ਗਏ। ਜਦਕਿ ਸਵਿਫਟ ਡਿਜ਼ਾਇਰ ਕਾਰ ਸਵਾਰ ਸੁਰਿੰਦਰ ਕੌਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।  ਘਟਨਾ ਦੀ ਸੂਚਨਾ ਮਿਲਣ ’ਤੇ ਰੋਡ ਸੇਫਟੀ ਫੋਰਸ ਦੇ ਏਐਸਆਈ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਾਇਕਾਂ ਨਵਜੋਤ ਕੌਰ ਅਤੇ ਰਾਹੁਲ ਸਿਆਗ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਵੱਖ-ਵੱਖ ਐਂਬੂਲੈਂਸਾਂ ਵਿੱਚ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਇਆ।


ਦੂਜੇ ਪਾਸੇ ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਧਰਿੰਦਰ ਗਰਗ ਨੇ ਦੱਸਿਆ ਕਿ ਜਦੋਂ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਸੁਰਿੰਦਰ ਕੌਰ ਦੀ ਮੌਤ ਹੋ ਚੁੱਕੀ ਸੀ, ਜਦਕਿ ਰਾਵਲ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਬਾਕੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਏਐਸਆਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ-ਭਾਜਪਾ 'ਚ ਆਓ ਤੇ ਟਿਕਟ ਪਾਓ ਦੀ ਸਕੀਮ ਨਾਲ ਸੱਤਾ 'ਚ ਕਿਵੇਂ ਵਾਪਸੀ ਕਰੇਗਾ NDA ? ਸਮਝੋ ਸਿਆਸੀ ਤਿਕੜਮ