ਫਿਰੋਜ਼ਪੁਰ: ਜ਼ੀਰਾ ਤੇ ਨਵੀਂ ਤਲਵੰਡੀ ਰੋਡ 'ਤੇ ਸਥਿਤ ਹੌਕਰ ਫੂਡ ਪੁਆਇੰਟ ਉੱਪਰ ਅੱਜ ਗੋਲੀ ਚੱਲ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਗੋਲੀ ਚੱਲਣ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੌਕਰ ਵਿੱਚ ਡਿਊਟੀ ਤੇ ਤਾਇਨਾਤ ਮੁਲਾਜ਼ਮਾਂ ਨੇ ਦੱਸਿਆ ਕਿ ਦੋ ਨੌਜਵਾਨ ਕਰੀਬ ਬਾਰਾਂ ਵਜੇ ਉਨ੍ਹਾਂ ਦੇ ਫੂਡ ਪੁਆਇੰਟ ਉਪਰ ਆਏ ਤੇ ਪੀਜ਼ਾ ਆਰਡਰ ਕੀਤਾ।



ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਦੋ ਨੌਜਵਾਨ ਹੋਰ ਆ ਗਏ ਜੋ ਉਨ੍ਹਾਂ ਦੇ ਨਾਲ ਅੰਦਰ ਕੈਬਿਨ ਵਿੱਚ ਬੈਠ ਗਏ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਟਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਉਨ੍ਹਾਂ ਨੇ ਸਮਝਿਆ ਕਿ ਸ਼ਾਇਦ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ ਹੈ। ਇਸ ਦੌਰਾਨ ਦੋ ਨੌਜਵਾਨ ਜਿਨ੍ਹਾਂ ਦੇ ਹੱਥ ਵਿੱਚ ਪਿਸਤੌਲ ਸਨ, ਉਹ ਬਾਹਰ ਨਿਕਲੇ ਤੇ ਫੂਡ ਪੁਆਇੰਟ ਤੋਂ ਫ਼ਰਾਰ ਹੋ ਗਏ। ਜਦ ਤਕ ਮੁਲਾਜ਼ਮ ਅੰਦਰ ਜਾ ਕੇ ਦੇਖਦਾ ਇੰਨੇ ਸਮੇਂ ਵਿੱਚ ਮ੍ਰਿਤਕ ਨੌਜਵਾਨ ਨਾਲ ਪਹਿਲਾਂ ਤੋਂ ਮੌਜੂਦ ਸਾਥੀ ਵੀ ਮੌਕੇ ਤੋਂ ਫ਼ਰਾਰ ਹੋ ਗਿਆ।

ਇਸ ਸਬੰਧੀ ਐਸਪੀ ਡੀ ਮਨਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹੌਕਰ ਫੂਡ ਪੁਆਇੰਟ ਤੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਉਹ ਤੁਰੰਤ ਮੌਕੇ ਤੇ ਆਏ ਹਨ ਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਮਾਮਲੇ ਸਬੰਧੀ ਜੋ ਵੀ ਤੱਥ ਨਿਕਲ ਕੇ ਸਾਹਮਣੇ ਆਉਣਗੇ, ਉਹ ਮੀਡੀਆ ਦੇ ਨਾਲ ਸਾਂਝੇ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਹਾਲੇ ਤਕ ਨਾ ਤਾਂ ਮ੍ਰਿਤਕ ਦਾ ਪਤਾ ਚੱਲ ਸਕਿਆ ਹੈ ਤੇ ਨਾ ਹੀ ਮ੍ਰਿਤਕ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਦਾ। ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਜਾਰੀ ਹੈ।