ਚੰਡੀਗੜ੍ਹ: ਅੱਜ ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਹੋ ਰਿਹਾ ਹੈ। ਕੈਬਨਿਟ ਵਿੱਚ 5 ਨਵੇਂ ਚਿਹਰੇ ਸ਼ਾਮਲ ਹੋਣਗੇ। ਸਹੁੰ ਚੁੱਕ ਸਮਾਗਮ ਰਾਜ ਭਵਨ ’ਚ ਰੱਖਿਆ ਗਿਆ ਹੈ, ਜਿੱਥੇ ਸ਼ਾਮ 5 ਵਜੇ ਨਵੇਂ ਮੰਤਰੀ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਕਈ ਪੁਰਾਣੇ ਵਜ਼ੀਰਾਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਹੋ ਸਕਦਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵਿੱਚ ਹਲਚਲ ਕਾਫੀ ਤੇਜ਼ ਹੋ ਗਈ ਹੈ। ਦੇਰ ਰਾਤ ਤੱਕ ਵੀ ਕਈ ਵਿਧਾਇਕ ਭੱਜ-ਦੌੜ ਕਰਦੇ ਰਹੇ।




ਨਵੇਂ ਮੰਤਰੀਆਂ ਵਿੱਚ ਅਮਨ ਅਰੋੜਾ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜੇਮਾਜਰਾ, ਡਾ. ਇੰਦਰਬੀਰ ਨਿੱਝਰ ਤੇ ਫੌਜਾ ਸਿੰਘ ਸਰਾਰੀ ਦੇ ਨਾਂ ਤੈਅ ਕੀਤੇ ਗਏ ਹਨ। ਉਧਰ, ਬੇਸ਼ੱਕ 5 ਨਵੇਂ ਮੰਤਰੀਆਂ ਦੇ ਨਾਂ ਸਾਹਮਣੇ ਆ ਗਏ ਹਨ ਪਰ ਹੋਰ ਵਿਧਾਇਕਾਂ ਨੇ ਵੀ ਪੂਰਾ ਜ਼ੋਰ ਲਾਇਆ। ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ, ਜਗਰਾਉਂ ਤੋਂ ਦੂਜੀ ਵਾਰ ਵਿਧਾਇਕ ਬਣੀ ਸਰਵਜੀਤ ਕੌਰ ਮਾਣੂੰਕੇ ਤੇ ਬੁਢਲਾਡਾ ਤੋਂ ਵਿਧਾਇਕ ਬੁੱਧਰਾਮ ਦੇ ਨਾਂ ਦੀ ਵੀ ਚਰਚਾ ਸੀ। ਸੂਤਰਾਂ ਅਨੁਸਾਰ ਪੰਜਾਬ ਵਜ਼ਾਰਤ ਵਿੱਚ ਵਾਧੇ ਦੀ ਜਾਣਕਾਰੀ ਮਿਲਦੇ ਹੀ ਕਈ ਵਿਧਾਇਕ ਦਿੱਲੀ ਦਰਬਾਰ ਪਹੁੰਚ ਗਏ।

ਮੰਨਿਆ ਜਾ ਰਿਹਾ ਕਿ ਕੁਰਸੀ ਦੀ ਦੌਰ ਦਾ ਅਸਰ ਪਾਰਟੀ ਵਿੱਚ ਉਥਲ-ਪੁਥਲ ਪੈਦਾ ਕਰ ਸਕਦਾ ਹੈ। ਉਂਝ ਹਾਈਕਮਾਨ ਸਾਰੇ ਹਾਲਾਤ ਨੂੰ ਧਿਆਨ ਨਾਲ ਵਾਚ ਰਹੀ ਹੈ। ਪੰਜਾਬ ਦੇ ਮੰਤਰੀਆਂ ਬਾਰੇ ਸਭ ਕੁਝ ਦਿੱਲੀ ਤੋਂ ਹੀ ਤੈਅ ਹੋਇਆ ਹੈ, ਇਸ ਲਈ ਕਿਸੇ ਬਾਗੀ ਸੁਰ ਦੀ ਕੋਈ ਉਮੀਦ ਨਹੀਂ।

ਦੱਸ ਦਈਏ ਕਿ ਕਿ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਤੋਂ ਇਲਾਵਾ 17 ਹੋਰ ਮੰਤਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਸਮੇਂ ਪੰਜਾਬ ਕੈਬਨਿਟ ਵਿੱਚ ਮੁੱਖ ਮੰਤਰੀ ਤੋਂ ਇਲਾਵਾ 9 ਮੰਤਰੀ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ ਸੀ, ਉਸ ਤੋਂ ਬਾਅਦ 19 ਮਾਰਚ ਨੂੰ ਪੰਜਾਬ ਵਜ਼ਾਰਤ ਵਿੱਚ 10 ਮੰਤਰੀ ਸ਼ਾਮਲ ਕੀਤੇ ਸਨ।

ਉਸ ਸਮੇਂ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ, ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਵਿਧਾਇਕ ਹਰਭਜਨ ਸਿੰਘ ਈਟੀਓ, ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ, ਭੋਆ ਤੋਂ ਵਿਧਾਇਕ ਲਾਲ ਚੰਦ, ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੂੰ ਸ਼ਾਮਲ ਕੀਤਾ ਸੀ।

ਡਾ. ਵਿਜੈ ਸਿੰਗਲਾ ’ਤੇ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ ਲੱਗਣ ਮਗਰੋਂ ਉਨ੍ਹਾਂ ਨੂੰ ਕੈਬਨਿਟ ਵਿੱਚੋਂ ਬਾਹਰ ਕਰ ਦਿੱਤਾ ਗਿਆ। ਹੁਣ ਮੁੱਖ ਮੰਤਰੀ ਤੋਂ ਇਲਾਵਾ ਕੈਬਨਿਟ ’ਚ 9 ਮੰਤਰੀ ਸ਼ਾਮਲ ਹਨ। ਮੁੱਖ ਮੰਤਰੀ ਕੋਲ ਇਸ ਸਮੇਂ ਦੋ ਦਰਜਨ ਤੋਂ ਵੱਧ ਵਿਭਾਗ ਹਨ।