ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਵੱਲੋਂ 25 ਸਤੰਬਰ ਨੂੰ ਕੀਤੇ ਜਾ ਰਹੇ ਬੰਦ ਦੇ ਪੂਰਨ ਸਮਰਥਨ ਦਾ ਐਲਾਨ ਕਰਦੇ ਹੋਏ ਆਪਣੇ ਤਮਾਮ-ਆਗੂਆਂ ਅਤੇ ਵਰਕਰਾਂ-ਵਲੰਟੀਅਰਾਂ ਨੂੰ ਇਸ ਸੰਘਰਸ਼ ‘ਚ ਡਟ ਕੇ ਸਾਥ ਦੇਣ ਦੀ ਹਿਦਾਇਤ ਕੀਤੀ ਹੈ।


ਪਾਰਟੀ ਇਨਾਂ ਕਾਲੇ ਕਾਨੂੰਨਾਂ ਦੇ ਵਿਰੁੱਧ 24 ਸਤੰਬਰ ਨੂੰ ਪੰਜਾਬ ਭਰ ‘ਚ ਹਿਊਮਨ ਚੇਨ ਬਣਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਐਲਾਨਿਆ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ (ਐਮਐਲਏ) ਦੀ ਅਗਵਾਈ ਹੇਠ ਵਿਧਾਇਕਾਂ ਅਤੇ ਆਗੂਆਂ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਖੇਤੀ ਵਿਰੋਧੀ ਇਨਾਂ ਤਿੰਨਾਂ ਕਾਲੇ ਕਾਨੂੰਨਾਂ ‘ਤੇ ਮੋਹਰ ਨਾ ਲਗਾਉਣ ਦੀ ਅਪੀਲ ਕੀਤੀ।

ਹਾਲਾਂਕਿ ਰਾਜ ਭਵਨ ਵੱਲੋਂ ਜਦੋਂ ਰਾਜਪਾਲ ਨਾਲ ਮੁਲਾਕਾਤ ਤੋਂ ਨਾ-ਨੁਕਰ ਕੀਤੀ ਗਈ ਤਾਂ ‘ਆਪ’ ਦਾ ਵਫ਼ਦ ਰਾਜ ਭਵਨ ਦੇ ਮੁੱਖ ਦੇ ਸਾਹਮਣੇ ਧਰਨੇ ‘ਤੇ ਬੈਠ ਗਿਆ। ਸਥਿਤੀ ਨਾਜ਼ੁਕ ਹੋਣ ਦੇ ਮੱਦੇਨਜ਼ਰ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੂੰ ਖ਼ੁਦ ਮੈਮੋਰੰਡਮ ਲੈਣ ਲਈ ਆਉਣਾ ਪਿਆ। ਰਾਜਪਾਲ ਨੇ ਨਾ ਕੇਵਲ ‘ਆਪ’ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਬਲਕਿ ਭਰੋਸਾ ਦਿੱਤਾ ਕਿ ਉਹ ‘ਆਪ’ ਦੇ ਮੰਗ ਪੱਤਰ ਨੂੰ ਤੁਰੰਤ ਰਾਸ਼ਟਰਪਤੀ ਕੋਲ ਪਹੁੰਚਾਉਣਗੇ।



ਸੋਮਵਾਰ ਇੱਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ ਅਤੇ ਪ੍ਰੋ. ਬਲਜਿੰਦਰ ਕੌਰ ਨੇ ਬਾਦਲਾਂ ਸਮੇਤ ਕਾਂਗਰਸ ਅਤੇ ਭਾਜਪਾ ਨੂੰ ਕਿਸਾਨ ਵਿਰੋਧੀ ਪਾਰਟੀਆਂ ਕਰਾਰ ਦਿੱਤਾ। ਇਸ ਮੌਕੇ ਉਨਾਂ ਨਾਲ ਵਿਰੋਧੀ ਧਿਰ ਦੇ ਹੋਰ ਵੀ ਕਈ ਨੇਤਾ ਮੌਜੂਦ ਰਹੇ। ਹਰਪਾਲ ਸਿੰਘ ਚੀਮਾ ਨੇ ਖੇਤੀ ਸੰਬੰਧੀ ਇਨਾਂ ਕਾਨੂੰਨਾਂ ਨੂੰ ਪਾਸ ਕਰਨ ਲਈ ਸੱਤਾਧਾਰੀ ਭਾਜਪਾ ਵੱਲੋਂ ਕੀਤੀ ਧੱਕੇਸ਼ਾਹੀ ਨੂੰ ਲੋਕਤੰਤਰ ਦੀ ਸ਼ਰੇਆਮ ਹੱਤਿਆ ਕਿਹਾ।

ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਚ ਤਾਨਾਸ਼ਾਹ ਹਿਟਲਰ ਦੀ ਆਤਮਾ ਪ੍ਰਵੇਸ਼ ਹੋ ਚੁੱਕੀ ਹੈ, ਜੋ ਦੇਸ਼ ਦੇ ਲੋਕਾਂ ਅਤੇ ਲੋਕਤੰਤਰ ਲਈ ਤਬਾਹਕੁਨ ਸਾਬਤ ਹੋਵੇਗੀ। ਇਸ ਲਈ ਪੂਰੇ ਪੰਜਾਬ ਅਤੇ ਦੇਸ਼ 'ਤੇ ਇੱਕਜੁੱਟ ਹੋ ਕੇ ਲੋਕਤੰਤਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਆ ਗਈ ਹੈ। ਚੀਮਾ ਨੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਲੋਂ ਕਿਸਾਨਾਂ ਦੇ ਹੱਕ ਵਿਚ ਤੁਰੰਤ ਅਸਤੀਫ਼ਾ ਮੰਗਿਆ, ਅਸਤੀਫ਼ਾ ਨਾ ਦੇਣ ਦੀ ਸੂਰਤ ਵਿਚ ਕੇਂਦਰੀ ਮੰਤਰੀ ਦੇ ਘਰ ਦੇ ਘਿਰਾਓ ਕਰਨ ਦੀ ਚੇਤਾਵਨੀ ਦਿੱਤੀ।

ਇਸ ਮੌਕੇ ਜਰਨੈਲ ਸਿੰਘ ਨੇ ਕਿਹਾ ਕਿ ‘ਆਪ’ ਇਨਾਂ ਮਾਰੂ ਆਰਡੀਨੈਂਸਾਂ ਦਾ ਪਹਿਲੇ ਦਿਨ ਤੋਂ ਸਿੱਧਾ ਅਤੇ ਸਪਸ਼ਟ ਵਿਰੋਧ ਕਰ ਰਹੀ ਹੈ, ਜਦਕਿ ਹਰਸਿਮਰਤ ਕੌਰ ਬਾਦਲ ਸਮੇਤ ਪੂਰੇ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਦੋਹਰੀ ਅਤੇ ਮੌਕਾਪ੍ਰਸਤ ਨੀਤੀ ਵਰਤਣ ਦਾ ਦੋਸ਼ ਲਗਾਇਆ।



ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਐਮਐਸਪੀ ਦੇ ਕਥਿਤ ਐਲਾਨ ਦੇ ਬਾਵਜੂਦ ਮੰਡੀਆਂ ‘ਚ ਨਰਮੇ ਅਤੇ ਮੱਕੀ ਦੀਆਂ ਫ਼ਸਲਾਂ ਨੂੰ ਅੱਧੇ ਮੁੱਲ ਖ਼ਰੀਦਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਇਹ ਘਾਤਕ ਕਾਨੂੰਨ ਲਾਗੂ ਕਰਨ ‘ਚ ਕਾਮਯਾਬ ਹੋ ਗਈ ਤਾਂ ਕਣਕ ਅਤੇ ਝੋਨੇ ਦਾ ਹਾਲ ਵੀ ਮੱਕੀ ਅਤੇ ਨਰਮੇ ਵਰਗਾ ਹੋ ਜਾਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904