ਚੰਡੀਗੜ੍ਹ: ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚਣ ਵਾਲੇ ਮੁੱਦੇ ਤੇ ਕਾਂਗਰਸ ਸਰਕਾਰ ਬੁਰ੍ਹੀ ਤਰ੍ਹਾਂ ਘਿਰ ਗਈ ਹੈ। ਭਾਵੇਂ ਕੈਪਟਨ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਵੈਕਸੀਨ ਵਾਪਸ ਲੈ ਲਈ ਹੈ ਪਰ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ। ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੁਹਾਲੀ ਰਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ।

ਮੁਹਾਲੀ ਫੇਜ਼ 7 ਦੀ ਮਾਰਕਿਟ ਵਿੱਚ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਸਿਹਤ ਮੰਤਰੀ ਦੇ ਘਰ ਵੱਲ ਕੂਚ ਕੀਤਾ। ਪਾਰਟੀ ਵਰਕਰਾਂ ਨੇ ਪਹਿਲਾ ਬੈਰੀਕੇਡ ਤਾਂ ਤੋੜ ਦਿੱਤਾ ਪਰ ਮੰਤਰੀ ਦੇ ਘਰ ਬਾਹਰ ਭਾਰੀ ਪੁਲਿਸ ਫੋਰਸ ਹੋਣ ਕਾਰਨ ਉਹ ਅੱਗੇ ਜਾਣ ਵਿੱਚ ਅਸਫਲ ਰਹੇ। ਪਾਰਟੀ ਵਰਕਰਾਂ ਨੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ। ਇਸ ਮਗਰੋਂ ਪੁਲਿਸ ਨੇ ਵਿਧਾਇਕ ਜੈ ਕਿਸ਼ਨ ਰੋੜੀ ਤੇ ਸਰਬਜੀਤ ਕੌਰ ਮਾਣੂਕੇ  ਸਣੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।


ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਆਪ ਪਾਰਟੀ ਵਰਕਰਾਂ ਦੀ ਮੰਗ ਹੈ ਕਿ ਸਿਹਤ ਮੰਤਰੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ।ਇਸ ਤੋਂ ਪਹਿਲਾਂ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਇਸ ਮੁੱਦੇ ਤੇ ਸਿਹਤ ਮੰਤਰੀ ਦਾ ਅਸਤੀਫਾ ਮੰਗ ਚੁੱਕੇ ਹਨ।

ਪੰਜਾਬ ਸਰਕਾਰ ਨੇ Covaxin ਦੀਆਂ 80,000 ਖੁਰਾਕਾਂ 400 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਖਰੀਦੀ ਸੀ ਤੇ ਪ੍ਰਾਈਵੇਟ ਹਸਪਤਾਲ ਨੂੰ ਇਹ ਖੁਰਾਕ 1060 ਰੁਪਏ ਪ੍ਰਤੀ ਖੁਰਾਕ ਵੇਚੀ ਗਈ।ਪ੍ਰਾਈਵੇਟ ਹਸਪਤਾਲਾਂ ਨੇ ਆਮ ਲੋਕਾਂ ਨੂੰ ਇਹ ਕੋਰੋਨਾ ਟੀਕਾ 1560 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਲਾਇਆ।


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਜਦੋਂ ਇਹ ਗੱਲ ਸਾਹਮਣੇ ਆਈ ਤਾਂ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰ ਲਿਆ ਤੇ ਮੁਨਾਫਾਖੋਰੀ ਦੇ ਇਲਜ਼ਾਮ ਵੀ ਲਾਏ।ਦਬਾਅ ਵਿੱਚ ਪੰਜਾਬ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪਿਆ ਤੇ ਉਸ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੀਆਂ ਸਾਰੀਆਂ ਖੁਰਾਕਾਂ ਜੋ ਇਸਤਮਾਲ ਨਹੀਂ ਹੋਈਆਂ ਵਾਪਸ ਮੰਗਵਾ ਲਈਆਂ।

ਸਿਹਤ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ, "ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਗਏ 42000 ਕੋਰੋਨਾ ਟੀਕੇ ਵਾਪਸ ਲੈ ਲਏ ਹਨ। ਮੁੱਖ ਮੰਤਰੀ ਨੇ ਤੁਰੰਤ ਇਸ ਘਟਨਾ ਤੇ ਇਹ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਟੀਕੇ ਦੀ ਵਾਧੂ ਕੀਮਤ ਅਦਾ ਕੀਤੀ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਪੈਸੇ ਰਿਫੰਡ ਵੀ ਕੀਤੇ ਜਾਣਗੇ।"

ਪੰਜਾਬ ਸਰਕਾਰ ਦੇ ਇਸ ਫੈਸਲੇ ਮਗਰੋਂ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਈ ਹੈ। ਆਮ ਆਦਮੀ ਪਾਰਟੀ ਤੋਂ ਬਾਅਦ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਵੀ ਸਿਹਤ ਮੰਤਰੀ ਦੇ ਘਰ ਬਾਹਰ ਪ੍ਰਦਰਸ਼ਨ ਕਰੇਗੀ। ਇਸ ਵਿੱਚ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਹਿੱਸਾ ਲੈਣਗੇ।


ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਵਿੱਚ ਜਿੱਥੇ ਵੈਕਸੀਨ ਦੀ ਭਾਰੀ ਕਮੀ ਹੈ। ਉੱਥੇ ਪੰਜਾਬ ਸਰਕਾਰ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚ ਕੇ ਮੁਨਾਫਾ ਕਮਾ ਰਹੀ ਹੈ। ਇਹ ਵੈਕਸੀਨ ਆਮ ਲੋਕਾਂ ਨੂੰ ਮੁਫ਼ਤ ਵਿੱਚ ਲੱਗਣੀ ਚਾਹੀਦੀ ਹੈ। ਵਿਰੋਧੀ ਪਾਰਟੀ ਨੇ ਇਲਜ਼ਾਮ ਲਾਇਆ ਹੈ ਕਿ ਇਹ ਕਥਿਤ ਤੌਰ ਤੇ ਇੱਕ ਵੈਕਸੀਨ ਘੁਟਾਲਾ ਹੈ।

ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾਵਾਇਰਸ ਮਹਾਮਾਰੀ ਦਾ ਟਾਕਰਾ ਕਰਨ ਵਾਲੀ ‘ਕੋਵੈਕਸੀਨ’ ਦੀਆਂ ਜਿਹੜੀਆਂ 42,000 ਹਜ਼ਾਰ ਡੋਜ਼ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀਆਂ ਗਈਆਂ ਸਨ; ਉਨ੍ਹਾਂ ਵਿੱਚੋਂ 30,000 ਵੈਕਸੀਨਾਂ ਮੋਹਾਲੀ ਦੇ ‘ਮੈਕਸ ਸੁਪਰ ਸਪੈਸ਼ਿਐਲਿਟੀ ਹਸਪਤਾਲ’ ਨੇ ਖ਼ਰੀਦੀਆਂ ਸਨ। ਬਾਕੀ ਦੇ 39 ਪ੍ਰਾਈਵੇਟ ਹਸਪਤਾਲਾਂ ਨੇ ਸਿਰਫ਼ 100 ਤੋਂ 1,000 ਵੈਕਸੀਨਾਂ ਖ਼ਰੀਦੀਆਂ ਹਨ। ਸੂਤਰਾਂ ਅਨੁਸਾਰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਨੇ ਸਿਰਫ਼ 1,000 ਵੈਕਸੀਨਾਂ ਖ਼ਰੀਦੀਆਂ ਹਨ।




ਮੈਕਸ ਹੈਲਥਕੇਅਰ ਤੇ ਫ਼ੌਰਟਿਸ ਉਨ੍ਹਾਂ ਚੋਟੀ ਦੇ ਨੌਂ ਕਾਰਪੋਰੇਟ ਹਸਪਤਾਲ ਸਮੂਹਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਵੈਕਸੀਨ ਕੋਟੇ ਦਾ 50 ਫ਼ੀਸਦੀ ਖ਼ਰੀਦਿਆ ਹੈ। ਇਸ ਸੂਚੀ ਵਿੱਚ ਮੈਕਸ ਹਸਪਤਾਲ ਦਾ ਨਾਂ ਦੂਜੇ ਨੰਬਰ ਉੱਤੇ ਹੈ, ਜਿਸ ਨੇ ਛੇ ਸ਼ਹਿਰਾਂ ਵਿੱਚ ਸਥਿਤ ਆਪਣੇ ਵੱਖੋ-ਵੱਖਰੇ ਹਸਪਤਾਲਾਂ ਲਈ 12 ਲੱਖ 97 ਹਜ਼ਾਰ ਡੋਜ਼ ਖ਼ਰੀਦੀਆਂ ਹਨ।

ਪੰਜਾਬ ਸਰਕਾਰ ਦੀ COVA ਐਪ ਉੱਤੇ ਸ਼ੁੱਕਰਵਾਰ ਤੱਕ ਤਾਂ ਕੋਰੋਨਾ ਵੈਕਸੀਨ ਖ਼ਰੀਦਣ ਵਾਲੇ ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਮੌਜੂਦ ਸੀ ਪਰ ਬਾਅਦ ’ਚ ਉਹ ਸੂਚੀ ਹਟਾ ਦਿੱਤੀ ਗਈ। ਦਰਅਸਲ, ਕੇਂਦਰ ਸਰਕਾਰ ਦੇ ਕੁਝ ਮੰਤਰੀਆਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਪੰਜਾਬ ਸਰਕਾਰ ਨੇ 400 ਰੁਪਏ ’ਚ ਵੈਕਸੀਨ ਲੈ ਕੇ 1,000 ਰੁਪਏ ਪ੍ਰਤੀ ਵੈਕਸੀਨ ਦੇ ਹਿਸਾਬ ਨਾਲ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤੀ ਹੈ।

‘ਇੰਡੀਅਨ ਐਕਸਪ੍ਰੈੱਸ’ ਵੱਲੋਂ ਪ੍ਰਕਾਸ਼ਿਤ ਕੰਚਨ ਵਾਸਦੇਵ ਦੀ ਰਿਪੋਰਟ ਅਨੁਸਾਰ ਤਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤੁਰੰਤ ਸਰਗਰਮੀ ਵਿਖਾਉਂਦਿਆਂ ਐਲਾਨ ਕੀਤਾ ਸੀ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀਆਂ ਸਾਰੀਆਂ ਵੈਕਸੀਨਾਂ ਵਾਪਸ ਲੈ ਲਈਆਂ ਜਾਣਗੀਆਂ। ਮੈਕਸ ਹਸਪਤਾਲ ਦੇ ਬੁਲਾਰੇ ਮੁਨੀਸ਼ ਓਝਾ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਾਰੀਆਂ ਵੈਕਸੀਨਾਂ ਵਾਪਸ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਚ ਹੋਰ ਕੁਝ ਨਹੀਂ ਆਖ ਸਕਦੇ।

ਇਹ ਵੀ ਪਤਾ ਲੱਗਾ ਹੈ ਕਿ ਵੈਕਸੀਨਾਂ ਦੀ ਵਿਕਰੀ ਨਾਲ ਸਬੰਧਤ ਫ਼ਾਈਲ ਉੱਤੇ ਉੱਪਰਲੇ ਪੱਧਰ ’ਤੇ ਹੀ ਹਸਤਾਖਰ ਹੋਏ ਸਨ ਤੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਗਈ ਸੀ ਕਿ ਉਹ ਵੈਕਸੀਨਾਂ ਖ਼ਰੀਦਣ ਵਾਲੇ ਸਾਰੇ ਨਿਜੀ ਹਸਪਤਾਲਾਂ ਦੇ ਸੰਪਰਕ ਵਿੱਚ ਰਹਿਣ ਤੇ ਜੇ ਉਨ੍ਹਾਂ ਨੂੰ ਹੋਰ ਵੈਕਸੀਨਾਂ ਚਾਹੀਦੀਆਂ ਹਨ, ਤਾਂ ਉਨ੍ਹਾਂ ਤੋਂ ਅਗਲੇਰੇ ਆਰਡਰ ਵੀ ਲੈਣ।

 



 

ਪੰਜਾਬ ਦੇ ਵੈਕਸੀਨਾਂ ਲਈ ਨੋਡਲ ਅਫ਼ਸਰ ਵਿਕਾਸ ਗਰਗ ਨੇ ਦੱਸਿਆ ਕਿ ਹਸਪਤਾਲਾਂ ਨੂੰ ਸਰਕਾਰ ਤੋਂ ਵੈਕਸੀਨਾਂ ਲੈਣ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ – ‘ਅਸੀਂ ਉਨ੍ਹਾਂ ਦੀ ਮੰਗ ਮੁਤਾਬਕ ਵੈਕਸੀਨਾਂ ਸਪਲਾਈ ਕੀਤੀਆਂ ਸਨ। ਕੁਝ ਹਸਪਤਾਲਾਂ ਨੂੰ ਵੱਧ ਵੈਕਸੀਨਾਂ ਚਾਹੀਦੀਆਂ ਸਨ ਤੇ ਕੁਝ ਨੂੰ ਘੱਟ।’

ਇੱਕ ਹਫ਼ਤੇ ’ਚ ਇਨ੍ਹਾਂ 40 ਪ੍ਰਾਈਵੇਟ ਹਸਪਤਾਲਾਂ ਨੇ ਸਿਰਫ਼ 600 ਵਿਅਕਤੀਆਂ ਨੂੰ ਵੈਕਸੀਨਾਂ ਦੀ ਇੱਕ-ਇੱਕ ਡੋਜ਼ ਦਿੱਤੀ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਬਹੁਤੇ ਲੋਕ ‘ਕੋਵੈਕਸੀਨ’ ਨਹੀਂ, ਸਗੋਂ ‘ਕੋਵੀਸ਼ੀਲਡ’ ਨਾਂਅ ਦੀ ਵੈਕਸੀਨ ਲਗਵਾਉਣ ਨੂੰ ਪਹਿਲ ਦੇ ਰਹੇ ਹਨ। ਇਸ ਦਾ ਵੱਡਾ ਕਾਰਣ ਇਹ ਹੈ ਕਿ ਬਹੁਤੇ ਦੇਸ਼ਾਂ ਵਿੱਚ ਹਾਲੇ ‘ਕੋਵੈਕਸੀਨ’ ਨੂੰ ਮਾਨਤਾ ਹਾਸਲ ਨਹੀਂ ਹੈ ਕਿਉਂਕਿ ਹਾਲੇ ‘ਵਿਸ਼ਵ ਸਿਹਤ ਸੰਗਠਨ’ (WHO) ਨੇ ਇਸ ਵੈਕਸੀਨ ਨੂੰ ਆਪਣੀ ਪ੍ਰਵਾਨਗੀ ਦੇਣੀ ਹੈ। ‘ਕੋਵੀਸ਼ੀਲਡ’ ਨੂੰ ਪਹਿਲਾਂ ਹੀ WHO ਤੋਂ ਪ੍ਰਵਾਨਗੀ ਹਾਸਲ ਹੈ।

ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਹੁਣ ਜਦੋਂ ਪ੍ਰਾਈਵੇਟ ਹਸਪਤਾਲਾਂ ਤੋਂ ਸਾਰੀਆਂ ਵੈਕਸੀਨਾਂ ਵਾਪਸ ਮੰਗਵਾ ਲਈਆਂ ਗਈਆਂ ਹਨ; ਇਸ ਲਈ ਹੁਣ ਇਹ ਮੁੱਦਾ ਖ਼ਤਮ ਹੋ ਜਾਣਾ ਚਾਹੀਦਾ ਹੈ।