ਚੰਡੀਗੜ੍ਹ:  ਮੁੱਖ ਮੰਤਰੀ ਭਗਵੰਤ ਮਾਨ ਦਾ ਅਗਵਾਈ ਵਾਲੀ ਆਪ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਜਲਦ ਹੀ ਨਸ਼ਾ ਅਤੇ ਮੋਬਾਈਲ ਫੋਨ ਮੁਕਤ ਹੋਣਗੀਆਂ। ਆਪ ਪੰਜਾਬ ਨੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ।ਇਸ ਟਵੀਟ 'ਚ ਇਕ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਅਤੇ ਕੁੱਝ ਅੰਕੜੇ ਲਿਖੇ ਹਨ। 


ਟਵੀਟ 'ਚ ਦੱਸਿਆ ਗਿਆ ਹੈ ਕਿ, 06 ਅਗਸਤ ਨੂੰ ਫ਼ਰੀਦਕੋਟ  ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਕੋਲੋਂ 79 ਗ੍ਰਾਮ ਨਸ਼ੀਲਾ ਪਦਾਰਥ ਤੇ 6 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਸ ਮਗਰੋਂ 07 ਅਗਸਤ ਨੂੰ ਪਟਿਆਲਾ ਜੇਲ੍ਹ ਵਿੱਚੋਂ 19 ਨਾਜਾਇਜ਼ ਮੋਬਾਈਲ ਫੋਨ ਬਰਾਮਦ ਕੀਤੇ। 13 ਅਗਸਤ ਯਾਨੀ ਕੱਲ੍ਹ ਫ਼ਰੀਦਕੋਟ ਜੇਲ੍ਹ ਵਿੱਚੋਂ ਇਕ ਵਾਰ ਫੇਰ 32 ਮੋਬਾਈਲ ਫੋਨ ਬਰਾਮਦ ਕੀਤੇ ਗਏ।



 


ਸਹਾਇਕ ਸੁਪਰਡੈਂਟ 79 ਗ੍ਰਾਮ ਨਸ਼ੀਲ ਪਦਾਰਥ ਨਾਲ ਗ੍ਰਿਫ਼ਤਾਰ


ਮੁਲਜ਼ਮ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਨੇ ਇਹ ਸਮੱਗਰੀ ਆਪਣੇ ਹੱਥ ਵਿੱਚ ਫੜੀ ਫਾਈਲ ਵਿੱਚ ਛੁਪਾ ਰੱਖੀ ਸੀ ਅਤੇ ਜਦੋਂ ਸ਼ਨੀਵਾਰ ਸ਼ਾਮ ਡਿਊਟੀ ’ਤੇ ਪਹੁੰਚ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਹ ਜੇਲ੍ਹ ਮੁਲਾਜ਼ਮਾਂ ਦੀ ਗ੍ਰਿਫ਼ਤ ਵਿੱਚ ਆ ਗਿਆ। ਇਸ ਦੌਰਾਨ ਮੁਲਜ਼ਮਾਂ ਵੱਲੋਂ ਜੇਲ੍ਹ ਮੁਲਾਜ਼ਮਾਂ ਨਾਲ ਬਦਸਲੂਕੀ ਅਤੇ ਹੱਥੋਪਾਈ ਵੀ ਕੀਤੀ ਗਈ। ਇਸ ਘਟਨਾਕ੍ਰਮ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਖ਼ਿਲਾਫ਼ ਐਨਡੀਪੀਐਸ ਅਤੇ ਜੇਲ੍ਹ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।


ਪੁਲਿਸ ਨੇ ਉਸ ਕੋਲੋਂ 8 ਛੋਟੇ ਪੈਕੇਟ ਬਰਾਮਦ ਕੀਤੇ ਜਿਨ੍ਹਾਂ ਦਾ ਕੁੱਲ ਵਜ਼ਨ 78.10 ਗ੍ਰਾਮ ਸੀ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਹਾਇਕ ਸੁਪਰਡੈਂਟ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਜਦੋਂ ਮੁਲਜ਼ਮ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 67 ਹਜ਼ਾਰ ਦੀ ਨਕਦੀ ਅਤੇ ਤਿੰਨ ਹੋਰ ਮੋਬਾਈਲ ਫੋਨ ਵੀ ਬਰਾਮਦ ਹੋਏ।