ਚੰਡੀਗੜ੍ਹ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ(ਪੀ.ਐਸ.ਪੀ.ਸੀ.ਐਲ.) ਨੇ 22 ਅਗਸਤ, 2022 ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ 14,295 ਮੈਗਾਵਾਟ ਦੀ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ, ਇਸ ਤਰਾਂ ਪੀ.ਐਸ.ਪੀ.ਸੀ.ਐਲ. ਨੇ  29 ਜੂਨ, 2022 ਨੂੰ ਦਰਜ ਕੀਤੀ ਗਈ 14,207 ਮੈਗਾਵਾਟ ਦੀ ਪਿਛਲੀ ਵਾਰ ਦੀ ਮੰਗ ਨੂੰ ਪਛਾੜ ਦਿੱਤਾ ਹੈ।


ਅਪਰੈਲ ਤੋਂ ਹੁਣ ਤੱਕ ਸਪਲਾਈ ਕੀਤੀ ਬਿਜਲੀ ਵਿੱਚ ਕੁੱਲ  12.87 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਸਾਲ 2021 ਵਿੱਚ 29,452 ਐਮਯੂ ਦੇ ਮੁਕਾਬਲੇ   33,242 ਐਮਯੂ  ਹੈ। ਇਹ ਜਾਣਕਾਰੀ ਦਿੰਦੇ ਹੋਏ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਵੱਧ ਤਾਪਮਾਨ ਅਤੇ ਝੋਨੇ ਦੀ ਬਿਜਾਈ ਦੇ ਸ਼ੁਰੂ ਵਿੱਚ ਸਿੰਚਾਈ ਦੀ ਵੱਧ ਮੰਗ ਕਾਰਨ ਜੂਨ ਮਹੀਨੇ ਦੇ ਅਖ਼ੀਰ ਜਾਂ ਜੁਲਾਈ ਮਹੀਨੇ ਦੀ ਸ਼ੁਰੂਆਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੁੰਦੀ ਹੈ। ਪਰ ਇਸ ਸਾਲ ਪਹਿਲਾਂ ਦੇ ਮੁਕਾਬਲੇ ਖੁਸ਼ਕ ਮੌਸਮ ਹੋਣ ਕਾਰਨ, ਸੂਬੇ ਵਿੱਚ  ਬਿਜਲੀ ਦੀ ਸਿਖਰਲੀ ਮੰਗ ਅਗਸਤ ਦੇ ਅੰਤ ਤੱਕ ਬਰਕਰਾਰ ਹੈ।


ਉਨਾਂ ਅੱਗੇ ਕਿਹਾ ਕਿ ਅਗਸਤ ਵਿੱਚ 22.8.2022 ਤੱਕ, ਪੀ.ਐਸ.ਪੀ.ਸੀ.ਐਲ. ਨੇ ਬਿਜਲੀ ਦੀ ਮੰਗ ਵਿੱਚ 6.57 ਫੀਸਦ ਦੇ ਵਾਧੇ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ , ਭਾਵ ਪਿਛਲੇ ਸਾਲ ਇਸ ਸਮੇਂ ਦੌਰਾਨ 5,927 ਐਮਯੂ ਦੇ ਮੁਕਾਬਲੇ 6,316 ਐਮ.ਯੂ.ਦੀ ਮੰਗ ਪੂਰੀ ਕੀਤੀ ਗਈ ਹੈ। ਪੀ.ਐਸ.ਪੀ.ਸੀ.ਐਲ. ਨੇ ਹੋਰਨਾਂ ਰਾਜਾਂ ਤੋਂ ਬਿਜਲੀ ਲੈ ਕੇ  ਅਤੇ ਕੇਂਦਰੀ ਸੈਕਟਰ ਤੋਂ 1300 ਮੈਗਾਵਾਟ ਵਾਧੂ ਬਿਜਲੀ ਦੀ ਅਲਾਟਮੈਂਟ ਰਾਹੀਂ ਬਿਜਲੀ ਦੇ ਵਾਧੂ ਪ੍ਰਬੰਧ ਕੀਤੇ ਹਨ।


ਪੀਐਸਪੀਸੀਐਲ ਨੇ ਜੂਨ ਅਤੇ ਜੁਲਾਈ ਮਹੀਨੇ ਦੌਰਾਨ,  ਦੂਜੇ ਰਾਜਾਂ ਤੋਂ 2,836 ਐਮਯੂ ਬਿਜਲੀ ਦਾ ਪ੍ਰਬੰਧ ਕੀਤਾ ਹੈ ਜੋ ਕਿ ਪਿਛਲੇ ਸਾਲ ਦੇ 1234 ਐਮਯੂ ਦੇ ਮੁਕਾਬਲੇ 130 ਫੀਸਦ ਵੱਧ ਹੈ। ਉਨਾਂ ਕਿਹਾ ਕਿ ਇਸ ਸਾਲ ਉਪਲਬਧ ਸਰੋਤਾਂ ਦੀ ਢੱੁਕਵੀਂ ਵਰਤੋਂ ਅਤੇ ਜਨਰੇਟਿੰਗ ਸਟੇਸ਼ਨਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਨਜ਼ਦੀਕੀ ਨਿਗਰਾਨੀ ਨਾਲ ਪੀ.ਐਸ.ਪੀ.ਸੀ.ਐਲ. ਦੀ ਹਾਈਡਰੋ ਜਨਰੇਸ਼ਨ 3 ਫੀਸਦ ਵਧ ਕੇ ਪਿਛਲੇ ਸਾਲ ਦੇ 1664 ਐਮ.ਯੂ. ਦੇ ਮੁਕਾਬਲੇ 1715 ਐਮ.ਯੂ.  ਹੋ ਗਈ ਹੈ।


ਜ਼ਿਕਰਯੋਗ ਹੈ ਕਿ ਰਣਜੀਤ ਸਾਗਰ ਹਾਈਡਰੋ ਪਾਵਰ ਪ੍ਰੋਜੈਕਟ ਨੇ 22-08-2022 ਨੂੰ ਇੱਕ ਦਿਨ ਵਿੱਚ  ਵੱਧ ਤੋਂ ਵੱਧ 149.55 ਐਲ.ਯੂ ਬਿਜਲੀ ਪੈਦਾ ਕੀਤੀ  ਹੈ, ਜੋ ਕਿ ਇਸਦੇ ਸ਼ੁਰੂ ਹੋਣ ਦੀ ਮਿਤੀ ਤੋਂ ਲੈ ਕੇ 28-08-2019 ਨੂੰ ਇਸਦੇ ਪਿਛਲੇ  149.02 ਐਲਯੂ ਬਿਜਲੀ ਉਤਪਾਦਨ ਨੂੰ ਪਾਰ ਕਰ ਗਈ ਹੈ।


ਉਨਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਕਿਸੇ ਹੋਰ ਵਰਗ ਦੇ ਖਪਤਕਾਰਾਂ ‘ਤੇ ਬਿਜਲੀ ਕੱਟ ਲਗਾਏ ਬਿਨਾਂ ਖੇਤੀ ਟਿਊਬਵੈੱਲਾਂ ਨੂੰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।