ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀ ਕਾਂਗਰਸ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਬਦਲਣ ਜਾ ਰਹੀ ਹੈ। 'ਆਪ' ਸਰਕਾਰ ਮੁਹਾਲੀ ਦੇ ਮੈਡੀਕਲ ਕਾਲਜ ਨੂੰ ਕਿਤੇ ਹੋਰ ਤਬਦੀਲ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਅਹਿਮ ਗੱਲ ਹੈ ਕਿ ਮੁਹਾਲੀ ਦੇ 6 ਫੇਜ਼ ਵਿਚਲੇ ਸਰਕਾਰੀ ਹਸਪਤਾਲ ’ਚ ਮੈਡੀਕਲ ਕਾਲਜ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ। ਹੋਰ ਤਾਂ ਹੋਰ ਬਹੁਤ ਸਾਰਾ ਬੁਨਿਆਦੀ ਢਾਂਚਾ ਤਿਆਰ ਹੋ ਚੁੱਕਾ ਸੀ।



ਪਰ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪਿਛਲੀ ਸਰਕਾਰ ਦੇ ਇਸ ਫੈਸਲੇ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਨੁਸਾਰ ਅਸੀਂ ਮੈਡੀਕਲ ਕਾਲਜ ਨੂੰ ਇਸ ਥਾਂ ਤੋਂ ਕਿਸੇ ਹੋਰ ਥਾਂ ਤਬਦੀਲ ਕਰਨ ਲਈ ਮੁੱਖ ਮੰਤਰੀ ਨੂੰ ਪ੍ਰਸਤਾਵ ਭੇਜਿਆ ਹੈ। ਇਹ ਬਾਰੇ ਜੋ ਵੀ ਫੈਸਲਾ ਹੋਏਗਾ, ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।


ਦੱਸ ਦਈਏ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਕਾਲਜ, ਮੁਹਾਲੀ ਨੂੰ ਲੈਟਰ ਆਫ ਪਰਮਿਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਮੈਡੀਕਲ ਕਾਲਜ ਨੂੰ 2021-2022 ਦਾ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਦੀ ਮਨਜ਼ੂਰੀ ਵੀ ਮਿਲ ਗਈ ਹੈ। ਯਾਦ ਰਹੇ ਕਾਂਗਰਸ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜ ਐਸਏਐਸ ਨਗਰ ਮੁਹਾਲੀ ਦਾ ਨਾਂ ਬਦਲ ਕੇ ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਕਰ ਦਿੱਤਾ ਸੀ।


ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ 200 ਬੈਡਾਂ ਦੀ ਸਮਰੱਥਾ ਰੱਖਦੇ ਜ਼ਿਲ੍ਹਾ/ਰੈਫਰਲ ਹਸਪਤਾਲਾਂ ਦੇ ਨਾਲ ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦੀ ਕੇਂਦਰ ਵੱਲੋਂ ਸਪਾਂਸਰ ਸਕੀਮ ਯੋਜਨਾ ਅਧੀਨ ਜ਼ਿਲ੍ਹਾ ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ 100 ਐਮਬੀਬੀਐਸ ਸੀਟਾਂ ਵਾਲਾ ਮੈਡੀਕਲ ਕਾਲਜ ਸਥਾਪਤ ਕਰਨ ਦਾ ਫੈਸਲਾ ਕੀਤਾ ਸੀ।


ਸੂਬਾ ਸਰਕਾਰ ਵੱਲੋਂ 22 ਜਨਵਰੀ 2020 ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਸਰਕਾਰੀ ਮੈਡੀਕਲ ਕਾਲਜ ਐਸਏਐਸ ਨਗਰ (ਮੁਹਾਲੀ) ਵਿਖੇ ਐਮਬੀਬੀਐਸ. ਕੋਰਸ ਦੀਆਂ 100 ਸੀਟਾਂ ਲਈ 994 ਅਸਾਮੀਆਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਸ਼ਰਤਾਂ ਅਨੁਸਾਰ ਇਨ੍ਹਾਂ ਅਸਾਮੀਆਂ ਨੂੰ ਉਕਤ ਨੋਟੀਫਿਕੇਸ਼ਨ ਦੇ ਜਾਰੀ ਹੋਣ ਦੇ ਪੰਜ ਸਾਲਾਂ ਦੇ ਅੰਦਰ ਪੜਾਅ ਭਰ ਭਰਿਆ ਜਾਵੇਗਾ।


 


ਇਹ ਵੀ ਪੜ੍ਹੋ : ਪਿਛਲੀ ਕਾਂਗਰਸ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਬਦਲਣ ਜਾ ਰਹੀ 'ਆਪ' ਸਰਕਾਰ, ਸੀਐਮ ਭਗਵੰਤ ਮਾਨ ਨੂੰ ਭੇਜਿਆ ਪ੍ਰਸਤਾਵ