Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੀ ਐਸ ਪੀ ਸੀ ਐਲ ਨੂੰ ਸਬਸਿਡੀ ਦੇਣ ਤੋਂ ਨਾਂਹ ਕਰ ਕੇ ਤੇ 7 ਹਜ਼ਾਰ ਕਰੋੜ ਰੁਪਏ ਦੇ ਖਰਚੇ ਨਾਲ ਨਜਿੱਠਣ ਵਾਸਤੇ ਕਰਜ਼ੇ ਲੈਣ ਲਈ ਮਜਬੂਰ ਕਰ ਕੇ ਕੰਗਾਲੀ ਵੱਲ ਤੋਰ ਕੇ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗਿਕ ਅਰਥਚਾਰੇ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।




ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੀ ਐਸ ਪੀ ਸੀ ਐਲ ਦੀ ਆਜ਼ਾਦ ਨਿਗਮ ਦੀ ਹਸਤੀ ਹੀ ਖਤਰੇ ਵਿਚ ਪੈ ਗਈ ਹੈ ਕਿਉਂਕਿ ਬੰਗਲੌਰ ਆਧਾਰਿਤ ਪ੍ਰਾਈਵੇਟ ਕੰਪਨੀ ਇਸਦੇ ਰੋਜ਼ਾਨਾ ਕੰਮਕਾਜ ਵਿਚ ਦਖਲ ਦੇ ਰਹੀ ਹੈ।


ਇਹਨਾਂ ਘਟਨਾਕ੍ਰਮਾਂ ਨੂੰ ਬੇਹੱਦ ਖਤਰਨਾਕ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਹਾਲਾਤ ਅਜਿਹੇ ਹੀ ਬਣੇ ਰਹੇ ਤਾਂ ਫਿਰ ਤਬਾਹੀ ਮਚ ਜਾਵੇਗੀ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਦੇ ਕੁਪ੍ਰਬੰਧਨ ਕਾਰਨ ਸਰਦੀਆਂ ਵਿਚ ਵੀ ਬਿਜਲੀ ਦੀ ਮੰਗ ਬੇਹੱਦ ਘੱਟ ਹੋਣ ਕਾਰਨ ਵੀ ਵਿਆਪਕ ਕੱਟ ਲੱਗ ਰਹੇ ਹਨ।ਉਹਨਾਂ ਕਿਹਾ ਕਿ



ਨਿਗਮ ਨੇ ਗਰਮੀ ਵਿਚ ਖਾਸ ਤੌਰ ’ਤੇ ਝੋਨੇ ਦੇ ਸੀਜ਼ਨ ਵਿਚ ਬਿਜਲੀ ਦੀ ਵਧੀ ਹੋਈ ਮੰਗ ਨਾਲ ਨਜਿੱਠਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ, ਇਸ ਵਾਸਤੇ ਝੋਨੇ ਦੀ ਫਸਲ ਵੀ ਖਤਰੇ ਵਿਚ ਪੈ ਸਕਦੀ ਹੈ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੀ ਐਸ ਪੀ ਸੀ ਐਲ ਨੂੰ ਲਗਾਤਾਰ ਹੇਠਾਂ ਡਿੱਗਦੇ ਜਾਣ ਦੇ ਰਹੇ ਹਨ ਤੇ ਸਰਕਾਰ ਨਿਗਮ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਬਸਿਡੀ ਦੇਣ ਤੋਂ ਵੀ ਇਨਕਾਰੀ ਹੈ।ਉਹਨਾਂ ਕਿਹਾ ਕਿ ਨਿਗਮ ਦੇ ਸਬਸਿਡੀ ਦਾ ਬਕਾਇਆ 9 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਬਿਜਲੀ ਸਬਸਿਡੀ ਦਾ 7500 ਕਰੋੜ ਰੁਪਏ ਦਾ ਹਿਸਾਬ ਘੱਟ ਲਾਇਆ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੀ ਐਸ ਪੀ ਸੀ ਐਲ ਨੂੰ ਵਾਰ ਵਾਰ ਕਰਜ਼ੇ ਲੈਣੇ ਪੈ ਰਹੇ ਹਨ ਤੇ ਹੁਣ ਇਸਨੇ 500 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।


 ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਹਾਲਾਤਾਂ ਦੇ ਕਾਰਨ ਪੀ ਐਸ ਪੀ ਸੀ ਐਲ ਆਪਣੇ ਰੂਟੀਨ ਦੇ ਮੁਰੰਮਤ ਤੇ ਰੱਖ ਰਖਾਅ ਦੇ ਕੰਮਕਾਜ ਵੀ ਨਹੀਂ ਕਰ ਪਾ ਰਿਹਾ। ਉਹਨਾਂ ਕਿਹਾ ਕਿ ਕੰਪਨੀ ਵਿਚ ਪ੍ਰਸ਼ਾਸਨ ਵੀ ਪ੍ਰਭਾਵਤ ਹੋ ਰਿਹਾ ਹੈ ਕਿਉਂਕਿ ਬੰਗਲੌਰ ਆਧਾਰਿਤ ਫਰਮ ਨੇ ਇਸਦੇ ਰੋਜ਼ਾਨਾ ਕੰਮਕਾਜ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ। ਉਹਨਾਂ ਕਿਹਾ ਕਿ ਇਹ ਕੰਟਰੋਲ ਉਸੇ ਤਰੀਕੇ ਗੈਰ ਕਾਨੂੰਨੀ ਤੌਰ ’ਤੇ ਦਿੱਤਾ ਗਿਆਹੈ  ਜਿਵੇਂ ਪ੍ਰਾਈਵੇਟ ਕੰਸਲਟੈਂਟ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਸਰਕਾਰੀ ਫਾਈਲਾਂ ਵੇਖ ਰਹੇ ਹਨ।




ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਹਾਲਾਤਾਂ ਨੂੰ ਕਾਬੂ ਵਿਚ ਕਰਨਾ ਚਾਹੀਦਾ ਹੈ ਤਾਂ ਜੋ ਬਿਜਲੀ ਕੰਪਨੀ ਢਹਿ ਢੇਰੀ ਨਾ ਹੋਵੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਜਿਸ ਬਿਜਲੀ ਕੰਪਨੀ ਦਾ ਦੇਸ਼ ਵਿਚ ਪਹਿਲਾ ਨੰਬਰ ਸੀ, ਉਹ ਹੁਣ ਲਗਾਤਾਰ ਹੇਠਾਂ ਡਿੱਗ ਰਿਹਾ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਨਿਗਮ ਵਿਚ ਸਾਰੀਆਂ ਖਾਲੀ ਆਸਾਮੀਆਂ ਭਰੀਆਂ ਜਾਣ ਅਤੇ ਮੁਰੰਮਤ ਤੇ ਰੱਖ ਰਖਾਅ ਦੇ ਕੰਮਾਂ ਵਾਸਤੇ ਲੋੜੀਂਦੇ ਫੰਡ ਤਰਜੀਹੀ ਆਧਾਰ ’ਤੇ ਭੇਜੇ ਜਾਣ।