ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਅਨੁਸ਼ਾਸਨ ਭੰਗ ਕਰਨ ਦੇ ਮਾਮਲੇ ਵਿੱਚ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਦਿੱਲੀ ਵਿੱਚ ਪਾਰਟੀ ਦੀ ਪੀਏਸੀ ਦੀ ਮੀਟਿੰਗ ਵਿੱਚ ਇਸ ਗੱਲ ਦਾ ਫ਼ੈਸਲਾ ਲਿਆ ਗਿਆ। ਇਸ ਦੇ ਨਾਲ ਹੀ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਵੀ ਦਿੱਤਾ ਹੈ। ਸਟਿੰਗ ਮਾਮਲੇ ਵਿੱਚ ਪਾਰਟੀ ਦੇ ਸਹਿ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਵਿੱਚ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ। ਆਮ ਆਦਮੀ ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਦੀ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਆਪ ਸਾਂਸਦ ਭਗਵੰਤ ਮਾਨ, ਪ੍ਰੋਫੈਸਰ ਸਾਧੂ ਸਿੰਘ , ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਦੁਰਗੇਸ਼ ਪਾਠਕ, ਆਸ਼ੂਤੋਸ਼ , ਕੁਮਾਰ ਵਿਸ਼ਵਾਸ, ਦਲੀਪ ਪਾਂਡੇ , ਰਾਘਵ ਚੱਢਾ, ਅਸੀਸ ਖੇਤਾਨ, ਮਨੀਸ਼ ਸਿਸੋਦੀਆ ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤੀ।
ਇਸ ਦੇ ਨਾਲ ਪਾਰਟੀ ਅੰਦਰ ਘਮਸਾਣ ਸ਼ੁਰੂ ਹੋ ਗਿਆ ਹੈ। ਛੋਟੇਪੁਰ ਨੇ ਵੀ ਵਿਰੋਧੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਸਟਿੰਗ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਸਟਿੰਗ ਨੂੰ ਜਨਤਕ ਕਰਨ ਦੀ ਵੀ ਮੰਗ ਕੀਤੀ। ਨਾਲ ਹੀ ਛੋਟੇਪੁਰ ਨੇ ਆਖਿਆ ਕਿ ਪਾਰਟੀ ਦੇ ਕੁਝ ਆਗੂਆਂ ਨੇ ਹੀ ਜਾਣਬੁੱਝ ਕੇ ਇਹ ਕੰਮ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਦੇ ਕਈ ਅਹਿਮ ਭੇਦ ਵੀ ਖੋਲ੍ਹੇ। ਉਨ੍ਹਾਂ ਬਿਨਾਂ ਨਾਮ ਲਏ ਦਿੱਲੀ ਤੋਂ ਪੰਜਾਬ ਭੇਜੇ ਗਏ ਪਾਰਟੀ ਦੇ ਦੋ ਅਹਿਮ ਆਗੂਆਂ ਦਾ ਨਾਮ ਦਾ ਹੱਥ ਸਟਿੰਗ ਪਿੱਛੇ ਦੱਸਿਆ। ਛੋਟੇਪੁਰ ਨੇ ਅਹਿਮ ਖੁਲਾਸਾ ਕਰਦਿਆਂ ਆਖਿਆ ਕਿ ਜੋ ਟਿਕਟਾਂ ਪਾਰਟੀ ਵੱਲੋਂ ਵੰਡੀਆਂ ਗਈਆਂ ਹਨ ਉਹ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਉਤੇ ਦਿੱਤੀਆਂ ਗਈਆਂ ਹਨ। ਉਹਨਾਂ ਆਖਿਆ ਕਿ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਮੌਜੂਦਾ ਸਰਕਾਰ ਨਾਲ ਮਿਲੇ ਹੋਏ ਹਨ।
ਇਸ ਦੇ ਨਾਲ ਹੀ ਛੋਟੇਪੁਰ ਨੇ ਆਖਿਆ ਕਿ ਆਮ ਆਦਮੀ ਪਾਰਟੀ ਵਿੱਚ ਲੋਕਤੰਤਰ ਵਿਚਾਰਧਾਰਾ ਨਾਲ ਕਈ ਵਾਸਤਾ ਨਹੀਂ ਹੈ। ਉਨ੍ਹਾਂ ਆਖਿਆ ਕਿ ਸੱਚ ਬੋਲਣ ਵਾਲੇ ਆਗੂਆਂ ਨੂੰ ਪਾਰਟੀ ਪਸੰਦ ਨਹੀਂ ਕਰਦੀ। ਉਨ੍ਹਾਂ ਨੇ ਵੀ ਸੱਚ ਬੋਲਿਆ ਸੀ ਜਿਸ ਦਾ ਖ਼ਮਿਆਜ਼ਾ ਸਭ ਦੇ ਸਾਹਮਣੇ ਹੈ। ਉਨ੍ਹਾਂ ਆਖਿਆ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਜੋ ਉਨ੍ਹਾਂ ਦਾ ਸਟਿੰਗ ਕੀਤਾ ਗਿਆ ਉਹ ਇੱਕ ਵੱਡਾ ਵਿਸ਼ਵਾਸਘਾਤ ਹੈ। ਉਨ੍ਹਾਂ ਉਪ ਮੁੱਖ ਮੰਤਰੀ ਨੂੰ ਜਾਸੂਸ ਤੱਕ ਆਖ ਦਿੱਤਾ। ਉਨ੍ਹਾਂ ਆਖਿਆ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਇੰਚਾਰਜ ਦੁਰਗੇਸ਼ ਪਾਠਕ ਪੰਜਾਬ ਵਿੱਚ ਪਾਰਟੀ ਦੇ ਕੇਂਦਰ ਬਣੇ ਹੋਏ ਹਨ।
ਛੋਟੇਪੁਰ ਨੇ ਆਖਿਆ ਕਿ ਯੂਥ ਮੈਨੀਫੈਸਟੋ ਦੌਰਾਨ ਉਨ੍ਹਾਂ ਨੇ ਜੋ ਸਚਾਈ ਬਿਆਨ ਕੀਤੀ ਸੀ ਉਸ ਦਾ ਬੁਰਾ ਅਰਵਿੰਦ ਕੇਜਰੀਵਾਲ ਨੇ ਵੀ ਮਨਾਇਆ ਸੀ। ਛੋਟੇਪੁਰ ਨੇ ਅਹਿਮ ਖ਼ੁਲਾਸਾ ਕਰਦਿਆਂ ਆਖਿਆ ਕਿ ਜਦੋਂ ਉਨ੍ਹਾਂ ਨੇ ਬੁਰੀ ਗੱਲ ਕੇਜਰੀਵਾਲ ਨੂੰ ਦੱਸੀ ਤਾਂ ਉਨ੍ਹਾਂ ਦਾ ਜਵਾਬ ਸੁਣ ਕੇ ਉਹ ਹੈਰਾਨ ਹੋ ਗਏ।
ਛੋਟੇਪੁਰ ਅਨੁਸਾਰ ਕੇਜਰੀਵਾਲ ਨੇ ਆਖਿਆ ਕਿ ਜੇਕਰ ਤੁਹਾਨੂੰ ਸਿੱਖ ਪੰਥ ਵਿੱਚ ਕੱਢ ਦਿੱਤਾ ਜਾਂਦਾ ਹੈ ਤਾਂ ਫਿਰ ਕੀ ਹੋਣਾ ਸੀ। ਛੋਟੇਪੁਰ ਨੇ ਗਿਲਾ ਪ੍ਰਗਟ ਕਰਦੇ ਹੋਏ ਆਖਿਆ ਕਿ ਕੇਜਰੀਵਾਲ ਦੇ ਇਸ ਜਵਾਬ ਨੂੰ ਉਨ੍ਹਾਂ ਬਹੁਤ ਠੇਸ ਪਹੁੰਚੀ ਪਰ ਪਾਰਟੀ ਦੇ ਕੌਮੀ ਕਨਵੀਨਰ ਹੋਣ ਦੇ ਨਾਤੇ ਉਹ ਚੁੱਪ ਰਹੇ। ਉਨ੍ਹਾਂ ਆਖਿਆ ਕਿ ਪਾਰਟੀ ਵਿੱਚ ਜੋ ਟਿਕਟਾਂ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਹਨ ਇਸ ਪਿੱਛੇ ਪੈਸਿਆਂ ਦੀ ਵੱਡੀ ਖੇਡ ਹੋਈ ਹੈ। ਛੋਟੇਪੁਰ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਪੰਜਾਬੀਆਂ ਉੱਤੇ ਯਕੀਨ ਨਹੀਂ ਕਰਦੀ।