ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਬਾਦਲਾਂ ਤੇ ਪਲਟਵਾਰ ਕੀਤਾ ਹੈ।ਆਪ ਨੇ ਕਿਹਾ ਕਿ "ਖੇਤੀ ਵਿਰੋਧੀ ਕਾਨੂੰਨਾਂ ਕਾਰਨ ਭਾਜਪਾ ਦੇ ਨਾਲ- ਨਾਲ ਅਕਾਲੀ ਦਲ ਬਾਦਲ ਦੇ ਹੋ ਰਹੇ ਵਿਰੋਧ ਦਾ ਠੀਕਰਾ ਬਾਦਲ ਪਰਿਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਸਿਰ ਨਹੀਂ ਭੰਨਣਾ ਚਾਹੀਦਾ, ਸਗੋਂ ਖੇਤੀਬਾੜੀ ਆਰਡੀਨੈਂਸ ਅਤੇ ਬਿਲਾਂ ਦਾ ਸਮਰਥਨ ਕਰਨ ਬਾਰੇ ਕਿਸਾਨਾਂ ਸਾਹਮਣੇ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ।"


ਇਹ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ, "ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ  ‘ਆਪ’ ਖ਼ਿਲਾਫ਼ ਬੇਤੁਕੀ ਬਿਆਨਬਾਜ਼ੀ ਕਰਨ ਤੋਂ ਗੁਰੇਜ ਕਰਨ ਕਿਉਂਕਿ ਬਾਦਲ ਪਰਿਵਾਰ ਅਤੇ ਹੋਰ ਅਕਾਲੀ ਆਗੂਆਂ ਕੋਲੋਂ ਪੰਜਾਬ ਦੇ ਆਮ ਲੋਕ ਅਤੇ ਕਿਸਾਨ ਕਾਲੇ ਕਾਨੂੰਨਾਂ ਦਾ ਸਮਰਥਨ ਕਰਨ ਬਾਰੇ ਜਵਾਬ ਮੰਗ ਰਹੇ ਹਨ ਅਤੇ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਹੋ ਰਹੇ ਵਿਰੋਧ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਣਾ ਲੋਕਾਂ ਦੇ ਸਵਾਲਾਂ ਤੋਂ ਭੱਜਣ ਦੀ ਚਾਲ ਹੈ।"


ਵੀਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਮੀਤ ਹੇਅਰ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੂੰ ਸਵਾਲ ਪੁੱਛਦਿਆਂ ਕਿਹਾ, ‘‘ਕੇਂਦਰ ਵੱਲੋਂ ਖੇਤੀ ਕਾਨੂੰਨਾਂ ਲਈ ਲਿਆਂਦੇ ਗਏ ਆਰਡੀਨੈਂਸ ’ਤੇ ਬਤੌਰ ਕੈਬਨਿਟ ਮੰਤਰੀ ਜਿਹੜੇ ਦਸਤਖ਼ਤ ਹਰਸਿਮਰਤ ਕੌਰ ਬਾਦਲ ਨੇ ਕੀਤੇ ਸਨ, ਕੀ ਉਹ ਵੀ ‘ਆਪ’ ਨੇ ਕਰਵਾਏ ਸਨ? ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ’ਚ ਜਿਹੜੀ ਵੀਡੀਓ ਜਾਰੀ ਕੀਤੀ ਗਈ ਸੀ, ਕੀ ਉਸ ਵੀਡੀਓ ਲਈ ਵੀ ‘ਆਪ’ ਦੇ ਵਰਕਰ ਜ਼ਿੰਮੇਵਾਰ ਹਨ?"


ਉਨ੍ਹਾਂ ਕਿਹਾ ਕਿ ਉਸ ਵੀਡੀਓ ਉਪਰੰਤ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਤੱਕ ਜਿਹੜੀ ਚੁੱਪ ਪ੍ਰਕਾਸ਼ ਸਿੰਘ ਬਾਦਲ ਨੇ ਧਾਰੀ ਹੋਈ ਹੈ, ਕੀ ਉਸ ਲਈ ਵੀ ‘ਆਪ’ ਜ਼ਿੰਮੇਵਾਰ ਹੈ? ਖੇਤੀ ਕਾਨੂੰਨਾਂ ਨੂੰ ਲੈ ਕੇ ਕਰਵਾਈ ਗਈ ਸਰਬ ਪਾਰਟੀ ਮੀਟਿੰਗ ਵਿੱਚ ਤੁਸੀਂ ਖੁਦ (ਸੁਖਬੀਰ ਬਾਦਲ) ਜਿਸ ਤਰੀਕੇ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕਰ ਰਹੇ ਸੀ, ਕੀ ਇਹ ਵੀ ‘ਆਪ’ ਦੇ ਕਹਿਣ ’ਤੇ ਕੀਤੀ ਸੀ? ਇਸ ਲਈ ‘ਆਪ’ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਬਾਦਲ ਪਰਿਵਾਰ ਲੋਕਾਂ ਦੇ ਇਨਾਂ ਸਵਾਲਾਂ ਦਾ ਸਾਹਮਣਾ ਕਰਨ ਦੀ ਜ਼ੁਰਤ ਦਿਖਾਵੇ।"


ਮੀਤ ਹੇਅਰ ਨੇ ਕਿਹਾ ਕਿ, "ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਲੇ ਖੇਤੀ ਕਾਨੂੰਨਾਂ ਲਈ ਕਿਹੜੀਆਂ -ਕਿਹੜੀਆਂ ਧਿਰਾਂ ਅਤੇ ਕਿਹੜੇ- ਕਿਹੜੇ ਸਿਆਸਤਦਾਨ ਜ਼ਿੰਮੇਵਾਰ ਹਨ। ਇਸ ਲਈ ਬਾਦਲ ਪਰਿਵਾਰ ਨੂੰ ਇਹ ਖਿਆਲ ਮਨ ਵਿਚੋਂ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਉਸ ਦੇ ਨਾਲ ਹਨ, ਵਿਰੋਧ ਤਾਂ ਆਮ ਆਦਮੀ ਪਾਰਟੀ ਵਾਲੇ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਬਾਦਲ ਸਰਕਾਰ ਦੌਰਾਨ ਮਾਫੀਆ ਨੇ 10 ਸਾਲ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁਟਿਆ ਅਤੇ ਕੁੱਟਿਆ ਸੀ। ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਜਨਰਲ ਡਾਇਰ ਵਰਗੀ ਭੂਮਿਕਾ ਨਿਭਾਉਣ ਲਈ ਵੀ ਦੋਸ਼ੀ ਬਾਦਲ ਪਰਿਵਾਰ ਹੀ ਮੰਨਿਆ ਗਿਆ ਹੈ।"


ਉਨ੍ਹਾਂ ਕਿਹਾ ਕਿ, "ਪੰਜਾਬ ਦੇ ਲੋਕ ਅੱਜ ਵੀ ਬਾਦਲਾਂ ਦੇ ਮਾਫੀਆ ਰਾਜ ਨੂੰ ਨਹੀਂ ਭੁਲੇ।ਉਪਰੋਂ ਖੇਤੀ ਆਰਡੀਨੈਂਸਾਂ ’ਤੇ ਦਸਤਖ਼ਤ ਕਰਕੇ ਬਾਦਲ ਪਰਿਵਾਰ ਨੇ ਲੋਕ ਮਨਾਂ ਵਿੱਚ ਆਪਣੇ ਖ਼ਿਲਾਫ਼ ਧੁੱਖ਼ ਰਹੀ ਅੱਗ ਉਤੇ ਆਪਣੇ ਹੀ ਹੱਥੀਂ ਤੇਲ ਛਿੜਕਿਆ ਹੈ, ਜਿਸ ਦਾ ਖ਼ਮਿਆਜ਼ਾ ਲੋਕਾਂ ਦੇ ਵਿਰੋਧ ਵਜੋਂ ਭੁਗਤਣਾ ਪੈ ਰਿਹਾ ਹੈ।"