ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਦੇ ਕਬਜਾਧਾਰੀਆਂ ਨੂੰ 31 ਮਈ ਤੱਕ ਆਪਣੇ ਕਬਜ਼ੇ ਛੱਡ ਕੇ ਜ਼ਮੀਨਾਂ ਸਰਕਾਰ ਨੂੰ ਸੌਂਪਣ ਦੀ ਕੀਤੀ ਅਪੀਲ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮਾਨ ਸਰਕਾਰ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ 'ਆਪ' ਸਰਕਾਰ ਪੰਜਾਬ ਦੇ ਸਰਮਾਏ, ਸਾਧਨਾਂ ਅਤੇ ਜਾਇਦਾਦਾਂ ਦੀ ਰਾਖੀ ਲਈ ਵਚਨਬੱਧ ਹੈ। ਇਸ ਲਈ ਸਾਰੇ ਸਾਧਨਾਂ ਤੋਂ ਕਬਜੇ ਹਟਾਏ ਜਾਣਗੇ ਤਾਂ ਜੋ ਸੂਬੇ 'ਚ ਕਾਨੂੰਨ ਦਾ ਰਾਜ ਬਹਾਲ ਕੀਤਾ ਜਾਵੇ।
ਪਾਰਟੀ ਮੁੱਖ ਦਫ਼ਤਰ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਕਿਹਾ, 'ਪੰਜਾਬ ਦੇ ਲੋਕਾਂ ਵੱਲੋਂ ਕੀਤੇ ਬਦਲਾਅ ਦਾ ਨਤੀਜਾ ਅੱਜ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ 'ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ 'ਤੋਂ ਕਬਜ਼ੇ ਛੁਡਾਅ ਰਹੇ ਹਨ, ਜਦੋਂ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਸੱਤਾਧਾਰੀ ਲੋਕ ਅਤੇ ਉਨ੍ਹਾਂ ਦੇ ਸਮਰਥਕ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਕਰਦੇ ਸਨ।' ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਅਤੇ ਹੋਰ ਸਾਧਨਾਂ ਨੂੰ ਬੁਰੀ ਤਰ੍ਹਾਂ ਲੁਟਿਆ ਗਿਆ ਅਤੇ ਸੂਬੇ 'ਚ ਹਲਾਤ ਇਸ ਕਦਰ ਖ਼ਰਾਬ ਸਨ ਕਿ ਕੋਈ ਵੀ ਸਿਆਸੀ ਆਗੂ ਨਾ ਕੋਈ ਸਰਕਾਰੀ ਕੋਠੀ ਛੱਡਦਾ ਸੀ, ਨਾ ਕੋਈ ਪੈਨਸ਼ਨਾਂ ਅਤੇ ਨਾ ਕੋਈ ਜ਼ਮੀਨਾਂ 'ਤੇ ਕੀਤੇ ਕਬਜੇ ਛੱਡਣ ਲਈ ਤਿਆਰ ਹੁੰਦਾ ਸੀ।
ਕੰਗ ਨੇ ਮੁੱਖ ਮੰਤਰੀ ਦੀ ਅਪੀਲ ਨੂੰ ਦੁਹਰਾਉਂਦਿਆਂ ਕਿਹਾ, ''ਪੰਜਾਬ ਸਰਕਾਰ ਵੱਲੋਂ 31 ਮਈ ਤੱਕ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ 'ਤੇ ਕੀਤੇ ਕਬਜੇ ਛੱਡਣ ਵਾਲਿਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਪਰ ਉਸ ਤੋਂ ਬਾਅਦ ਕਬਜਾਕਾਰਾਂ ਤੋਂ ਪੁਰਾਣਾ ਖਰਚਾ ਵਸੂਲਿਆ ਜਾਵੇਗਾ ਅਤੇ ਨਵਾਂ ਪਰਚਾ (ਪੁਲੀਸ ਕਾਰਵਾਈ) ਦਰਜ ਕੀਤਾ ਜਾਵੇਗਾ। ਜਦੋਂ ਤੋਂ ਜ਼ਮੀਨ 'ਤੇ ਕਬਜਾ ਹੋਇਆ ਹੈ, ਉਦੋਂ ਤੋਂ ਜ਼ਮੀਨ ਦੀ ਆਮਦਨ ਵਸੂਲ ਕੀਤੀ ਜਾਵੇਗੀ ਅਤੇ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ, ਪਰ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਨਹੀਂ ਕੀਤਾ ਜਾਵੇਗੀ।'' ਉਨ੍ਹਾਂ ਪੰਜਾਬ ਸਰਕਾਰ ਨੂੰ ਸਹਿਯੋਗ ਕਰਨ ਵਾਲੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਹਲਕੇ ਵਿੱਚ ਇੱਕ ਪਰਿਵਾਰ ਨੇ 40 ਏਕੜ ਤੋਂ ਵੱਧ ਦੀ ਜ਼ਮੀਨ ਆਪਣੇ ਆਪ ਸਰਕਾਰ ਨੂੰ ਸੌਂਪ ਦਿੱਤੀ ਹੈ, ਜਿਸ ਦੇ ਲਈ ਪੰਚਾਇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਰਿਵਾਰ ਦੀ ਸੁਖ ਸਮਰਿੱਧੀ ਦੀ ਕਾਮਨਾ ਕੀਤੀ ਗਈ ਹੈ। ਲੋਕਾਂ ਨੂੰ ਮੁੱਖ ਮੰਤਰੀ ਮਾਨ 'ਤੇ ਭਰੋਸਾ, ਪੰਜਾਬ ਦੀ ਖੁਸ਼ਹਾਲੀ ਲਈ ਕਈ ਲੋਕਾਂ ਨੇ ਖੁੱਦ ਹੀ ਬਗੈਰ ਕਿਸੇ ਕਾਨੂੰਨੀ ਕਾਰਵਾਈ ਦੇ ਛੱਡੇ ਨੇ ਨਜਾਇਜ਼ ਕਬਜੇ ਛੱਡੇ ਹਨ।
ਮਲਵਿੰਦਰ ਸਿੰੰਘ ਕੰਗ ਨੇ ਦਾਅਵਾ ਕੀਤਾ, ''ਭਗਵੰਤ ਮਾਨ ਦੀ ਸਰਕਾਰ ਮਿਸ਼ਨ 'ਤੇ ਕੰਮ ਕਰ ਰਹੀ ਹੈ, ਨਾ ਕਿ ਕਮਿਸ਼ਨ 'ਤੇ। ਸਰਕਾਰ ਵੱਲੋਂ ਪੰਜਾਬ ਦੀਆਂ ਜ਼ਮੀਨਾਂ, ਜਾਇਦਾਦਾਂ, ਸਾਧਨਾਂ ਅਤੇ ਸਰਮਾਏ ਦੀ ਹਰ ਤਰੀਕੇ ਰਾਖੀ ਕੀਤੀ ਜਾਵੇਗੀ ਅਤੇ ਇਨਾਂ ਨੂੰ ਲੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।'' ਕੰਗ ਨੇ ਕਿਹਾ ਕਿ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ 'ਤੇ ਕਾਬਜ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ 'ਤੇ ਅਮਲ ਕਰਦਿਆਂ ਆਪਣੇ ਕਬਜੇ ਛੱਡ ਦੇਣੇ ਚਾਹੀਦੇ ਹਨ ਤਾਂ ਜੋ ਪੰਜਾਬ ਨੂੰ ਮੁੱੜ ਖੁਸ਼ਹਾਲ ਅਤੇ ਅਮਨ ਸ਼ਾਂਤੀ ਵਾਲੀ ਸੂਬਾ ਬਣਾਇਆ ਜਾ ਸਕੇ।