ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਮੂਸੇਵਾਲਾ ਦੇ ਪਰਿਵਾਰ ਨਾਲ ਦੁਖ ਸਾਂਝਾ ਕਰ ਰਹੇ ਹਨ। ਵਿੱਤ ਮੰਤਰੀ ਹਰਪਾਲ ਚੀਮਾ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ। ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਪੰਜਾਬ 'ਚ ਦੁੱਖ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਏਗਾ।


ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕੰਗ ਨੇ ਕਿਹਾ, ਮੂਸੇਵਾਲਾ ਨੇ ਪੰਜਾਬ ਤੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ। ਅੱਜ ਅਸੀਂ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਾਂ। ਅਸੀਂ ਪਰਿਵਾਰ ਨੂੰ ਭਰੋਸਾ ਦਵਾਉਂਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਏਗਾ ਤੇ ਸਜ਼ਾ ਵੀ ਦਵਾਈ ਜਾਏਗੀ।


ਬੁਲਾਰੇ ਨੇ ਕਿਹਾ, "ਸਿੱਧੂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਕਿਵੇਂ ਖੇਤੀ ਤੇ ਟਰੈਕਟਰ ਨਾਲ ਪਿਆਰ ਕਰਨਾ ਹੈ ਤੇ ਆਪਣੇ ਵਿਰਸੇ ਨੂੰ ਕਿਵੇਂ ਪਿਆਰ ਕਰਨਾ ਹੈ।" ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਅਕਾਲੀ ਦਲ ਤੇ ਕਾਂਗਰਸ ਨੇ ਲਾਸ਼ 'ਤੇ ਰਾਜਨੀਤੀ ਕੀਤੀ। ਅੱਜ ਜੋ ਰੋ ਰਹੇ ਹਨ, ਉਹ ਪਹਿਲਾਂ ਕਿੱਥੇ ਸੀ। 


ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਤੇ ਕਾਂਗਰਸ ਸਰਕਾਰ ਨੇ ਕਿਵੇਂ ਪਲੇਅਰਾਂ ਨੂੰ ਗੈਂਗਸਟਰ ਬਣਾਇਆ, ਇਹ ਸਭ ਨੂੰ ਪਤਾ ਹੈ।" ਕੰਗ ਨੇ ਕਿਹਾ, "ਰਾਜਨੀਤੀ ਦੇ ਪੈਦਾ ਕੀਤੇ ਗੈਂਗਸਟਰਾਂ ਨੇ ਸਾਡੇ ਤੋਂ ਸਾਡਾ ਨੌਜਵਾਨ ਖੋਹ ਲਿਆ। ਅੱਜ ਜਦੋਂ ਆਪ ਦੀ ਸਰਕਾਰ ਪੰਜਾਬ ਦੇ ਲਈ ਕੰਮ ਕਰ ਰਹੀ ਹੈ ਤਾਂ ਇਹ ਲੋਕ ਐਸੇ ਮੁੱਦੇ ਚੁੱਕ ਰਹੇ ਹਨ।"


ਭਰੋਸਾ ਦਿੰਦੇ ਹੋਏ ਕੰਗ ਨੇ ਕਿਹਾ,"ਪਰਿਵਾਰ ਨੂੰ ਇਨਸਾਫ ਮਿਲੇਗਾ ਤੇ ਦੋਸ਼ੀ ਨੂੰ ਸਖ਼ਤ ਸਜ਼ਾ ਮਿਲੇਗੀ। ਪੰਜਾਬ ਨੂੰ ਗੈਂਗਸਟਰਾਂ ਤੋਂ ਨਿਜਾਤ ਮਿਲੇਗੀ। ਕਾਂਗਰਸ ਨੇ ਸਿੱਧੂ ਮੂਸੇਵਾਲਾ ਨੂੰ ਮੋਹਰਾ ਬਣਾਇਆ ਹੈ ਤੇ ਜੋ ਉਨ੍ਹਾਂ ਦੀ ਸੋਚ ਹੈ ਉਹ ਸਭ ਨੂੰ ਪਤਾ ਹੈ।"