ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਨੂੰ ਮੁਲਤਵੀ ਕਰਨ ਦੀ ਸਾਜ਼ਿਸ਼ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਾਂਗ , ਪੰਜਾਬ ਦੀ 'ਆਪ' ਸਰਕਾਰ ਸਪਸ਼ਟ ਤੌਰ 'ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਦੇ ਅਸਲ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ।


ਬਾਜਵਾ ਨੇ ਕਿਹਾ ਕਿ ਕੇਂਦਰ ਦੀ ਆਪਣੀ ਆਕਾ ਸਰਕਾਰ ਦੀ ਤਰਾਂ, ਜੋ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਸਫਲਤਾ ਤੋਂ ਡਰੀ ਹੋਈ ਸੀ ਅਤੇ ਫਿਰ ਕੋਵਿਡ ਪ੍ਰੋਟੋਕੋਲ ਦੇ ਬਹਾਨੇ ਭਾਜਪਾ ਇਸ ਨੂੰ ਮੁਅੱਤਲ ਕਰਨਾ ਚਾਹੁੰਦੀ ਸੀ, 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਜਿਸ ਨੂੰ ਭਾਜਪਾ ਦੀ 'ਟੀਮ ਬੀ' ਵਜੋਂ ਵੀ ਜਾਣਿਆ ਜਾਂਦਾ ਸੀ,ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਵਿੱਚ ਪੰਜਾਬੀਆਂ ਦੀਆਂ ਚਿੰਤਾਵਾਂ ਅਤੇ ਮੁੱਦੇ ਉਠਾਉਣ ਵਾਲੀ ਕਾਂਗਰਸ ਪਾਰਟੀ ਦਾ ਸਾਹਮਣਾ ਕਰਨ ਤੋਂ ਡਰੀ ਹੋਈ ਸੀ ਅਤੇ ਇਸ ਤਰਾਂ ਸੈਸ਼ਨ ਨੂੰ ਮੁਲਤਵੀ ਕਰਨ ਦੀਆਂ ਚਾਲਾਂ ਚੱਲ ਰਹੀਆਂ ਸੀ।


"ਅਜਿਹੇ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ 'ਤੇ 'ਆਪ' ਸਰਕਾਰ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣਾ ਹੈ। ਵਿਧਾਨ ਸਭਾ ਸੈਸ਼ਨ ਹੀ ਇੱਕੋ ਇੱਕ ਜਾਇਜ਼ ਤਰੀਕਾ ਹੈ ਜਿਸ ਰਾਹੀਂ ਸਰਕਾਰ ਨੂੰ ਵਿਰੋਧੀ ਧਿਰ ਪ੍ਰਤੀ ਜਵਾਬਦੇਹ ਠਹਿਰਾਇਆ ਜਾ ਸਕਦਾ ਹੈ, ਇਸ ਲਈ ਸਰਕਾਰ ਇਸ ਤਰਾਂ ਭੱਜ ਨਹੀਂ ਸਕਦੀ। "


ਬਾਜਵਾ ਨੇ ਅੱਗੇ ਕਿਹਾ ਕਿ ਜਿੱਥੋਂ ਤੱਕ ਕੋਵਿਡ ਦੇ ਖ਼ਤਰੇ ਦਾ ਸਵਾਲ ਹੈ, 'ਆਪ' ਸਰਕਾਰ ਜ਼ਮੀਨ 'ਤੇ ਇਸ ਦੀ ਤਿਆਰੀ ਕਰਨ 'ਚ ਬੁਰੀ ਤਰਾਂ ਅਸਫਲ ਰਹੀ ਹੈ। ਸੂਬੇ ਦੇ ਕੁੱਝ ਜ਼ਿਲ੍ਹੇ ਕੋਵਿਸ਼ੀਲਡ ਅਤੇ ਕੋਵੈਕਸੀਨ ਸਮੇਤ ਕੋਵਿਡ ਟੀਕਿਆਂ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਹੇ ਹਨ।


ਜਦੋਂ ਤੋਂ 'ਆਪ' ਸਰਕਾਰ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ, ਦਿਹਾਤੀ ਖੇਤਰਾਂ ਦੇ ਵਿਕਾਸ ਲਈ ਕੋਈ ਫ਼ੰਡ ਨਹੀਂ ਦਿੱਤਾ ਗਿਆ ਹੈ। ਸਰਕਾਰ ਨੇ ਮਜ਼ਦੂਰਾਂ ਲਈ ਕੋਈ ਵੀ ਨਵਾਂ ਮਨਰੇਗਾ ਕਾਰਡ ਜਾਰੀ ਨਹੀਂ ਕੀਤਾ ਹੈ। ਇਸ ਤੋਂ ਇਲਾਵਾ, ਸਰਕਾਰ ਨੇ ਆਪਣੀ ਬਹੁਤ ਚਰਚਿਤ ਯੋਜਨਾ, ਜਿਸ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕਰਨਾ ਹੈ, ਨੂੰ ਸ਼ੁਰੂ ਨਹੀਂ ਕੀਤਾ, ਵਿਰੋਧੀ ਧਿਰ ਦੇ ਆਗੂ ਨੇ ਕਿਹਾ।


ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਜ਼ੀਰਾ ਵਿੱਚ ਸ਼ਰਾਬ ਦੀ ਫ਼ੈਕਟਰੀ ਕਾਰਨ ਕਥਿਤ ਤੌਰ ’ਤੇ ਪੈਦਾ ਹੋ ਰਹੇ ਪ੍ਰਦੂਸ਼ਣ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਸਰਕਾਰ ਨਾਕਾਮ ਰਹੀ ਹੈ। ਸਨਅਤਕਾਰ ਸੂਬੇ ਤੋਂ ਬਾਹਰ ਜਾ ਰਹੇ ਹਨ। ਦਲਿਤ ਮਜ਼ਦੂਰਾਂ ਤੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਸ਼ਾਖੋਰੀ ਅਤੇ ਅਮਨ-ਕਾਨੂੰਨ ਦੀ ਸਥਿਤੀ 'ਆਪ' ਦੇ ਸ਼ਾਸਨ ਦੌਰਾਨ ਵਿਗੜ ਰਹੀ ਹੈ।