Punjab News: 16 ਸਾਲਾਂ ਬਾਅਦ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਆਪਣਾ ਅਸਤੀਫਾ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪ ਦਿੱਤਾ ਹੈ। ਸੁਖਬੀਰ 2008 ਤੋਂ ਲਗਾਤਾਰ ਅਕਾਲੀ ਦਲ ਦੇ ਪ੍ਰਧਾਨ ਸਨ। ਉਨ੍ਹਾਂ ਦੇ ਅਚਾਨਕ ਅਸਤੀਫੇ ਨੇ ਅਕਾਲੀ ਦਲ ਵਿੱਚ ਹਲਚਲ ਮਚਾ ਦਿੱਤੀ ਹੈ।


ਜ਼ਿਕਰ ਕਰ ਦਈਏ ਕਿ 62 ਸਾਲਾ ਬਾਦਲ ਨੇ ਪਾਰਟੀ ਪ੍ਰਧਾਨ, ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ 14 ਦਸੰਬਰ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਅਕਾਲੀ ਦਲ ਦੀ ਅਗਵਾਈ ਵਿੱਚ ਬਾਦਲ ਨਹੀਂ ਹੋਵੇਗਾ
ਭਾਵੇਂ ਮਰਹੂਮ ਪ੍ਰਕਾਸ਼ ਸਿੰਘ ਬਾਦਲ 1980 ਤੱਕ ਦੋ ਵਾਰ ਮੁੱਖ ਮੰਤਰੀ ਰਹੇ ਪਰ ਇਸ ਸਮੇਂ ਦੌਰਾਨ ਉਹ ਪਾਰਟੀ ਪ੍ਰਧਾਨ ਨਹੀਂ ਰਹੇ। ਅਕਾਲੀ ਦਲ ਦੇ ਅਹੁਦੇਦਾਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਵੇਂ ਪ੍ਰਧਾਨ ਲਈ ਰਾਹ ਪੱਧਰਾ ਕਰਨ ਲਈ ਅਸਤੀਫਾ ਦੇ ਚੁੱਕੇ ਹਨ।



ਦੱਸ ਦਈਏ ਕਿ ਪਾਰਟੀ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਬਾਦਲ ਦੇ ਅਸਤੀਫੇ 'ਤੇ ਵਿਚਾਰ ਕਰਨ ਲਈ 18 ਨਵੰਬਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ। ਜ਼ਿਕਰ ਕਰ ਦਈਏ ਕਿ ਤਨਖਾਹੀਆਂ ਐਲਾਨੇ ਜਾਣ ਤੋਂ ਇੱਕ ਦਿਨ ਪਹਿਲਾਂ ਸੁਖਬੀਰ ਨੇ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ।


ਦੱਸ ਦਈਏ ਕਿ ਅਕਾਲੀ ਦਲ 'ਤੇ ਬਾਦਲ ਪਰਿਵਾਰ ਦਾ ਦਬਦਬਾ 1990 ਦੇ ਦਹਾਕੇ ਤੋਂ ਸ਼ੁਰੂ ਹੋਇਆ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ 'ਤੇ ਆਪਣੀ ਪਕੜ ਮਜ਼ਬੂਤ ​​ਕਰ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਥੋਂ ਤੱਕ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਇਨ੍ਹਾਂ ਦਾ ਹੀ ਕਬਜ਼ਾ ਮੰਨਿਆ ਜਾਂਦਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ 2008 ਵਿੱਚ ਅਕਾਲੀ ਦਲ ਦਾ ਪ੍ਰਧਾਨ ਬਣੇ। ਇਹ ਪਾਰਟੀ ਦੀ ਪੁਰਾਣੀ ਰਵਾਇਤ ਤੋਂ ਵੱਖਰੀ ਕਵਾਇਦ ਸੀ, ਜਿੱਥੇ ਯੋਗਤਾ ਦੇ ਆਧਾਰ 'ਤੇ ਲੀਡਰਸ਼ਿਪ ਦੀ ਚੋਣ ਕੀਤੀ ਜਾਂਦੀ ਸੀ। 



ਇਸ ਦੇ ਨਾਲ ਹੀ ਅਕਾਲੀ ਦਲ ਉਪਰ ਸਵਾਲ ਵੀ ਖੜ੍ਹੇ ਹੋਣ ਲੱਗੇ। ਹੌਲੀ-ਹੌਲੀ ਬਾਦਲ ਪਰਿਵਾਰ ਦੀ ਅਕਾਲੀ ਦਲ ਨਾਲ ਸਾਂਝ ਇੰਨੀ ਡੂੰਘੀ ਹੋ ਗਈ ਕਿ ਪਾਰਟੀ ਦੀਆਂ ਨਾਕਾਮੀਆਂ ਵੀ ਬਾਦਲ ਪਰਿਵਾਰ ਨਾਲ ਜੁੜੀਆਂ ਨਜ਼ਰ ਆਉਣ ਲੱਗੀਆਂ ਸਨ। ਪੰਥਕ ਵੋਟ ਦਾ ਗੁੱਸਾ ਅਕਾਲੀ ਦਲ ਦੀ ਬਜਾਏ ਬਾਦਲ ਪਰਿਵਾਰ ਖਿਲਾਫ ਵਧਣ ਲੱਗਾ। ਸਾਲ 2015 ਵਿੱਚ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਦੀ ਪੁਲਿਸ ਕਾਰਵਾਈ ਨੇ ਪਾਰਟੀ ਦੇ ਰਵਾਇਤੀ ਸਿੱਖ ਵੋਟ ਬੈਂਕ ਨੂੰ ਨਾਰਾਜ਼ ਕਰ ਦਿੱਤਾ। ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਬਚਾਉਣ ਦੀ ਆਵਾਜ਼ ਉੱਠਣ ਲੱਗੀ।


ਸੁਖਬੀਰ ਬਾਦਲ ਨੇ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਫਰੰਟ ਉਪਰ ਨਾਕਾਮ ਰਹੇ। ਉਹ ਇਸ ਵੇਲੇ ਆਪਣੇ ਕਰੀਅਰ ਦੇ ਸਭ ਤੋਂ ਔਖੇ ਦੌਰ ਦਾ ਸਾਹਮਣਾ ਕਰ ਰਹੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ। ਇਹ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਸੀ। ਸੁਖਬੀਰ ਬਾਦਲ  ਦਾ ਅਸਤੀਫਾ ਅਜਿਹੇ ਸਮੇਂ ਆਇਆ ਹੈ ਜਦੋਂ ਅਕਾਲੀ ਆਪਣੀ ਪਛਾਣ ਤੇ ਪ੍ਰਸੰਗਿਕਤਾ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਿਸੇ ਸਮੇਂ ਇਹ ਪਾਰਟੀ ਸਿੱਖਾਂ ਦੀ ਇੱਕੋ ਇੱਕ ਸਿਆਸੀ ਪ੍ਰਤੀਨਿਧ ਪਾਰਟੀ ਵਜੋਂ ਜਾਣੀ ਜਾਂਦੀ ਸੀ। ਇਹ ਸੰਕਟ ਪਾਰਟੀ ਲਈ ਆਪਣੇ ਸਮਰਥਨ ਆਧਾਰ ਨਾਲ ਮੁੜ ਜੁੜਨ, ਆਪਣੀ ਰਣਨੀਤੀ ਬਦਲਣ ਤੇ ਪਰਿਵਾਰਵਾਦ ਰਾਜਨੀਤੀ ਤੋਂ ਬਾਹਰ ਨਿਕਲਣ ਦਾ ਮੌਕਾ ਹੈ।



ਕਿਹੜੇ ਕਾਰਨਾਂ ਕਰਕੇ ਪਾਰਟੀ ਦਾ ਸ਼ੁਰੂ ਹੋਇਆ ਪਤਨ ?


ਭਾਵੇਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ ਦਾ ਪਤਨ ਸ਼ੁਰੂ ਹੋ ਗਿਆ ਸੀ, ਪਰ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸਨ, ਉਦੋਂ ਤੱਕ ਪਾਰਟੀ ਅੰਦਰ ਵਿਰੋਧੀ ਆਵਾਜ਼ਾਂ ਬੁਲੰਦ ਨਹੀਂ ਹੋਈਆਂ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਸੀਨੀਅਰ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਨੂੰ ਬਦਲਣ ਦੀ ਮੰਗ ਉੱਠੀ। 


ਜਦੋਂ ਸੁਖਬੀਰ ਲੀਡਰਸ਼ਿਪ ਛੱਡਣ ਲਈ ਰਾਜ਼ੀ ਨਹੀਂ ਹੋਏ ਤਾਂ ਕਈ ਸੀਨੀਅਰ ਆਗੂਆਂ ਨੇ ਅਕਾਲੀ ਦਲ ਛੱਡ ਕੇ ਵੱਖਰੀ ਪਾਰਟੀ ਬਣਾ ਲਈ। ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਵਡਾਲਾ ਅਤੇ ਬੀਬੀ ਜਗੀਰ ਕੌਰ ਸਮੇਤ ਕਈ ਆਗੂਆਂ ਨੇ ਸੁਧਾਰ ਲਹਿਰ ਨੂੰ ਅਕਾਲੀ ਦਲ ਦੇ ਬਰਾਬਰ ਰੱਖਿਆ। ਬੇਅਦਬੀ ਦੇ ਮਾਮਲੇ ਲਗਾਤਾਰ ਉਠਾ ਕੇ ਸੁਖਬੀਰ 'ਤੇ ਅਸਤੀਫ਼ਾ ਦੇਣ ਲਈ ਦਬਾਅ ਪਾਇਆ ਗਿਆ। ਇਨ੍ਹਾਂ ਮਾਮਲਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹਾਲ ਹੀ ਵਿੱਚ ਸੁਖਬੀਰ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ। ਉਸ ਦੀ ਸਜ਼ਾ ਅਜੇ ਬਾਕੀ ਹੈ।


ਬੇਅਦਬੀ ਦੀਆਂ ਘਟਨਾਵਾਂ ਨੂੰ ਸੂਬੇ ਵਿੱਚ ਅਕਾਲੀ ਦਲ ਦੇ ਡਿੱਗਦੇ ਗ੍ਰਾਫ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਜੂਨ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ) ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਹੋ ਗਈ ਸੀ ਤੇ ਇਸ ਤੋਂ ਬਾਅਦ ਉਸ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰ ਦਿੱਤੇ ਗਏ ਸਨ।


ਸੁਖਬੀਰ ਬਾਦਲ ਉਸ ਸਮੇਂ ਉਪ ਮੁੱਖ ਮੰਤਰੀ ਸਨ ਤੇ ਉਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ। ਕੋਟਕਪੂਰਾ ਅਤੇ ਬਹਿਬਲ ਕਲਾਂ 'ਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਨੇ ਜ਼ੋਰ ਫੜ ਲਿਆ ਹੈ। ਇਸ ਤੋਂ ਬਾਅਦ 2017 ਤੇ 2022 ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਕਹਿਣ ਤੋਂ ਕੋਈ ਗੁਰੇਜ਼ ਨਹੀਂ ਹੈ ਕਿ ਬਾਦਲਾਂ ਦਾ ਸਿਆਸੀ ਆਧਾਰ ਖਤਮ ਹੋ ਗਿਆ ਹੈ। ਹੁਣ ਸਥਿਤੀ ਇਹ ਹੈ ਕਿ ਪਾਰਟੀ ਨੇ ਉਪ ਚੋਣ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਹੈ।