ਲੁਧਿਆਣਾ: ਮੁੱਖ ਮੰਤਰੀ ਚਰਨਜੀਤ ਚੰਨੀ ਦੇ ਲੋਕ ਲੁਭਾਊ ਐਲਾਨਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਨੂੰ ਘੇਰਿਆ ਹੈ। ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਦਾ ਖਜਾਨਾ ਖਾਲੀ ਹੈ। ਇਸ ਨੂੰ ਹੁਣ ਤਾਂ ਨਵਜੋਤ ਸਿੱਧੂ ਨੇ ਵੀ ਮੰਨ ਲਿਆ ਹੈ। ਹੁਣ ਦੋ ਮਹੀਨੇ ਵਿੱਚ ਚੰਨੀ ਸਾਹਿਬ ਰੋਜ ਹੀ ਗੱਪ ਮਾਰ ਰਹੇ ਹਨ।



ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਦੇ ਐਲਾਨ ਬਾਰੇ ਸਿੱਧੂ ਨੇ ਆਪ ਹੀ ਮੰਨ ਲਿਆ ਹੈ ਕਿ ਇਹ ਇਕੱਲੇ ਲੌਲੀਪੋਪ ਹਨ। ਚੰਨੀ ਸਾਹਿਬ ਕਹਿ ਰਹੇ ਹਨ ਕਿ ਬਿਜਲੀ 3 ਰੁਪਏ ਪ੍ਰਤੀ ਯੂਨਿਟ ਸਸਤੀ ਕਰਨੀ ਹੈ। ਮੈਂ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬਿਜਲੀ ਮਹਿਕਮੇ ਨੂੰ ਕਿੰਨੀ ਸਬਸਿਡੀ ਬਕਾਇਆ ਦੇਣੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ 7 ਹਜਾਰ ਕਰੋੜ ਬਿਜਲੀ ਮਹਿਕਮੇ ਨੂੰ ਦੇਣਾ ਹੈ। ਹੁਣ ਬਿਜਲੀ 3 ਰੁਪਏ ਯੂਨਿਟ ਸਸਤੀ ਕਰਕੇ ਕਰੀਬ 5.5 ਹਜਾਰ ਕਰੋੜ ਰੁਪਇਆ ਸਰਕਾਰ ਨੂੰ ਦੇਣਾ ਪਏਗਾ। ਇਸ ਤਰ੍ਹਾਂ 12.5 ਹ਼ਾਰ ਕਰੋੜ ਰੁਪਇਆ ਕਾਂਗਰਸ ਸਰਕਾਰ ਨੂੰ ਦੇਣਾ ਪੈਣਾ ਹੈ। ਇਸ ਦਾ ਨਤੀਜਾ ਇਹ ਹੋਏਗਾ ਕਿ ਕੋਲਾ ਆਉਣਾ ਬੰਦ ਹੋ ਜਾਵੇਗਾ। ਬਿਜਲੀ ਬੰਦ ਹੋ ਜਾਵੇਗੀ ਤੇ ਥਰਮਲ ਬੰਦ ਹੋ ਜਾਣਗੇ।

ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਨੂੰ ਕੋਈ ਫਿਕਰ ਨਹੀਂ ਕਿਉਂਕਿ ਉਨ੍ਹਾਂ ਨੂੰ ਤਾਂ ਵੋਟਾਂ ਨਾਲ ਮਤਲਬ ਹੈ। ਇਹ ਝੂਠ ਬੋਲਣ ਦੀ ਨੀਤੀ ਕਾਂਗਰਸ ਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬੈਸਟ ਬਿਜਲੀ ਬੋਰਡ ਦਾ ਖਿਤਾਬ ਸਾਡੀ ਸਰਕਾਰ ਵੇਲੇ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇਕੱਲੇ ਐਲਾਨ ਕਰਨ ਨਾਲ ਕੁਝ ਨਹੀਂ ਹੁੰਦਾ ਸਗੋਂ ਮੈਨੇਜਮੈਂਟ ਨਾਲ ਹੁੰਦਾ ਹੈ।

ਸੁਖਬੀਰ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਪੰਜਾਬ ਨੂੰ ਬਿਜਲੀ ਸਰਪਲਸ ਤੋਂ ਬਿਜਲੀ ਡੈਫੀਸ਼ਿਟ ਬਣਾ ਦਿੱਤਾ ਹੈ। ਇਸ ਬਾਰੇ ਨਾ ਚੰਨੀ ਨੂੰ ਤੇ ਨਾ ਨਵਜੋਤ ਸਿੱਧੂ ਨੂੰ ਸਮਝ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲ ਇੱਕ ਵੀ ਡੀਏ ਦੀ ਕਿਸ਼ਤ ਕਾਂਗਰਸ ਸਰਕਾਰ ਨੇ ਨਹੀਂ ਦਿੱਤੀ। ਮੁਲਾਜ਼ਮਾਂ ਦਾ 5 ਹਜ਼ਾਰ ਕਰੋੜ ਬਕਾਇਆ ਹੈ। ਉਨ੍ਹਾਂ ਕਿਹਾ ਕਿ ਜੇ ਤੁਹਾਡੇ ਕੋਲ ਖਜਾਨੇ ਵਿੱਚ ਹੈ ਤਾਂ ਉਹ ਦਿਓ।