Baba Gurwinder Singh Kheri: ਫਤਿਹਗੜ੍ਹ ਸਾਹਿਬ ਵਿੱਚ ਸਹੁਰਿਆਂ ਨਾਲ ਹੋਏ ਝਗੜੇ ਮਗਰੋਂ ਦਰਜ ਹੋਏ ਕਰਾਸ ਕੇਸ ਵਿੱਚ ਪੁਲਿਸ ਨੇ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਖੇੜੀ ਜੱਟਾਂ ਦੇ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਬਾ ਗੁਰਵਿੰਦਰ ਸਿੰਘ ਨੂੰ ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਉਸ ਨੂੰ ਅੱਜ ਫਤਿਹਗੜ੍ਹ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਸਕਦੀ ਹੈ।


ਹਾਸਲ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਬਾਬਾ ਗੁਰਵਿੰਦਰ ਸਿੰਘ ਦੇ ਦੰਦ ਟੁੱਟ ਗਏ ਸੀ। ਉਸ ਦਾ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਸਮੇਂ ਬਾਬਾ ਨੇ ਕਿਹਾ ਕਿ ਪੁਲਿਸ ਨੇ ਪੇਸ਼ੀ ਤੋਂ ਬਾਅਦ ਇਲਾਜ ਕਰਾਉਣ ਦਾ ਭਰੋਸਾ ਦਿੱਤਾ ਹੈ। ਜੇ ਇਲਾਜ ਨਹੀਂ ਕਰਵਾਉਂਦੇ ਤਾਂ ਕਾਨੂੰਨ ਤੋੜਨਗੇ।



ਦੱਸ ਦਈਏ ਕਿ ਫਤਿਹਗੜ੍ਹ ਸਾਹਿਬ 'ਚ ਗੁਰਵਿੰਦਰ ਸਿੰਘ 'ਤੇ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਸੀ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਕਿਸ ਤਰ੍ਹਾਂ ਘਟਨਾ 'ਚੋਂ ਬਚੇ। ਵੀਡੀਓ ਦੇ ਆਧਾਰ 'ਤੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਗੁਰਵਿੰਦਰ ਸਿੰਘ ਦੇ ਸਹੁਰਿਆਂ ਖਿਲਾਫ ਕਰਾਸ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਦੋਵਾਂ ਧਿਰਾਂ ਦੇ ਤਿੰਨ ਜਣਿਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।


ਫਤਿਹਗੜ੍ਹ ਸਾਹਿਬ ਦੀ ਮਾਤਾ ਗੁਜਰੀ ਕਲੋਨੀ 'ਚ ਬਾਬਾ ਗੁਰਵਿੰਦਰ ਸਿੰਘ ਖੇੜੀ ਜੱਟਾਂ ਤੇ ਉਸ ਦੇ ਸਹੁਰਿਆਂ ਵਿਚਾਲੇ ਹੋਏ ਝਗੜੇ 'ਚ ਗੁਰਵਿੰਦਰ ਸਿੰਘ ਦੀ ਸੱਸ ਗੁਰਜੀਤ ਕੌਰ ਦੇ ਬਿਆਨਾਂ 'ਤੇ ਬਾਬਾ ਗੁਰਵਿੰਦਰ ਸਿੰਘ, ਉਸ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 



ਪੁਲਿਸ ਨੇ ਜ਼ਖ਼ਮੀ ਬਾਬਾ ਗੁਰਵਿੰਦਰ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਕਰਾਸ ਕੇਸ ਦਰਜ ਕਰ ਲਿਆ ਹੈ ਜਿਸ ਵਿੱਚ ਗੁਰਵਿੰਦਰ ਸਿੰਘ ਦੇ ਸਾਲਾ ਮਨਜੋਤ ਸਿੰਘ ਤੋਂ ਇਲਾਵਾ ਸਤਵੀਰ ਸਿੰਘ, ਜਸਪਾਲ ਸਿੰਘ ਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।


ਡੀਐਸਪੀ ਫਤਹਿਗੜ੍ਹ ਸਾਹਿਬ ਸੁਖਨਾਜ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਵਿੰਦਰ ਸਿੰਘ ਤੇ ਉਸ ਦੇ ਰਿਸ਼ਤੇਦਾਰ ਪ੍ਰਭਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੀ ਧਿਰ ਦੇ ਸਤਵੀਰ ਸਿੰਘ ਤੇ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।