ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਮਗਰੋਂ ਪੰਜਾਬ 'ਚ ਅੱਜ ਤੋਂ ਅਧਿਆਪਕਾਂ ਤੇ ਗ਼ੈਰ-ਅਧਿਆਪਨ ਅਮਲੇ ਫੈਲੇ ਨੂੰ ਕਾਲਜਾਂ ਵਿੱਚ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਾਇਰੈਕਟਰ ਪਬਲੀਕੇਸ਼ਨਜ਼ ਵੱਲੋਂ ਸੋਮਵਾਰ ਨੂੰ ਜਾਰੀ ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਵਾਪਸੀ ਬਾਰੇ ਮੁੱਖ ਮੰਤਰੀ ਪਹਿਲੀ ਜੁਲਾਈ ਨੂੰ ਫੈਸਲਾ ਲੈ ਸਕਦੇ ਹਨ। ਵਿਦਿਆਰਥੀਆਂ ਦੀ ਆਮਦ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਸਮਾਜਕ ਫੈਲਾਅ ਤੋਂ ਬਚਾਉਣ ਲਈ ਕਾਲਜਾਂ ਨੂੰ ਤਿਆਰ ਕਰਨ ਲਈ ਸਟਾਫ ਨੂੰ ਬੁਲਾਇਆ ਜਾ ਰਿਹਾ ਹੈ।


ਸਾਰੇ ਨਿੱਜੀ ਤੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਭੇਜੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਹ ਆਪੋ ਆਪਣੇ ਕਾਲਜਾਂ ਵਿੱਚ ਅਧਿਆਪਕਾਂ ਦੀ ਟੀਮ ਬਣਾਉਣ ਤੇ ਕੰਮ ਸ਼ੁਰੂ ਕਰਨ। ਇਹ ਟੀਮਾਂ ਕਾਲਜਾਂ ਵਿੱਚ ਤਾਪਮਾਨ ਜਾਂਚਣ ਦੇ ਉਪਕਰਨ ਅਤੇ ਸੈਨੀਟਾਈਜ਼ਰ ਸਟੇਸ਼ਨ ਸਥਾਪਤ ਕਰਨ ਦੇ ਪ੍ਰਬੰਧ ਮੁਕੰਮਲ ਕਰੇਗੀ। ਇਸ ਤੋਂ ਇਲਾਵਾ ਕਾਲਜਾਂ ਨੂੰ ਲੋੜੀਂਦੀ ਮਾਤਰਾ ਵਿੱਚ ਮਾਸਕ ਤੇ ਕੋਰੋਨਾ ਲਾਗ ਨੂੰ ਫੈਲਣ ਤੋਂ ਰੋਕਣ ਵਿੱਚ ਸਹਾਈ ਹੋਰ ਸਮਾਨ ਦੀ ਵੀ ਪੂਰਤੀ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।


ਤਾਜ਼ਾ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹਾਲ ਦੀ ਘੜੀ ਮਹਾਮਾਰੀ ਕਾਰਨ ਵਿਦਿਆਰਥੀਆਂ ਨੂੰ ਆਨਲਾਈਨ ਜਾਂ ਆਫਲਾਈਨ ਪਾਠਕ੍ਰਮ ਪੜ੍ਹਾਉਣ ਬਾਰੇ ਪ੍ਰਬੰਧ ਕਰਨੇ ਹਨ। ਅਜਿਹੇ ਵਿੱਚ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਵਾਪਸੀ ਨਾ ਹੋਣ ਦੀ ਸੂਰਤ ਵਿੱਚ ਆਨਲਾਈਨ ਲੈਕਚਰ ਅਤੇ ਇੰਟਰਨੈੱਟ ਆਦਿ ਸੁਵਿਧਾਵਾਂ ਤੇ ਸਾਧਨਾਂ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।