Sidhu Moosewala Murder Case: ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਵਿਵਾਦ ਵਿੱਚ ਘਿਰ ਗਏ ਹਨ। ਦੋਵਾਂ ਗਾਇਕਾਂ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਫੋਟੋ ਵਾਇਰਲ ਹੋ ਰਹੀ ਹੈ। ਇਹ ਫੋਟੇ ਅਮਰੀਕਾ ਦੇ ਬੇਕਰਸਫੀਲਡ, ਕੈਲੀਫੋਰਨੀਆ ਵਿੱਚ ਇੱਕ ਵਿਆਹ ਸਮਾਰੋਹ ਦੀ ਦੱਸੀ ਜਾ ਰਹੀ ਹੈ। 16 ਅਪਰੈਲ ਦੀ ਦੱਸੀ ਜਾ ਰਹੀ ਇਸ ਵੀਡੀਓ ਵਿੱਚ ਅਮਨ ਬਿਸ਼ਨੋਈ ਦੋਵੇਂ ਗਾਇਕਾਂ ਵੱਲੋਂ ਪੇਸ਼ਕਾਰੀਆਂ ਦਿੱਤੇ ਜਾਣ ਮੌਕੇ ਸਟੇਜ ’ਤੇ ਉਨ੍ਹਾਂ ਨਾਲ ਸੈਲਫ਼ੀਆਂ ਲੈਂਦਾ ਦਿਖਾਈ ਦੇ ਰਿਹਾ ਹੈ।
ਬੇਸ਼ੱਕ ਗਾਇਕਾਂ ਨੇ ਅਨਮੋਲ ਬਿਸ਼ਨੋਈ ਦੀ ਮੌਜੂਦਗੀ ਬਾਰੇ ਅਗਿਆਨਤਾ ਪ੍ਰਗਟਾਈ ਹੈ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਮੰਗੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਸਮਾਗਮ ਦੇ ਪ੍ਰਬੰਧਕਾਂ ਬਾਰੇ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਮਾਗਮ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਸਾਥੀਆਂ ਤੇ ਸੰਪਰਕਾਂ ਬਾਰੇ ਜਾਂਚ ਕੀਤੀ ਜਾਵੇ।
ਉਧਰ, ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਸਮਾਗਮ ਵਿੱਚ ਅਨਮੋਲ ਬਿਸ਼ਨੋਈ ਦੀ ਮੌਜੂਦਗੀ ਬਾਰੇ ਪਤਾ ਨਹੀਂ ਸੀ। ਗਾਇਕਾਂ ਨੇ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਕਰਨ ਔਜਲਾ ਨੇ ਕਿਹਾ ਕਿ ਵਿਆਹ ਸਮਾਗਮ ਦੇ ਸ਼ੋਅ ਵਿੱਚ ਕੌਣ-ਕੌਣ ਸ਼ਾਮਲ ਹੁੰਦੇ ਹਨ, ਇਸ ਦਾ ਕਿਸੇ ਵੀ ਗਾਇਕ ਨੂੰ ਪਤਾ ਨਹੀਂ ਹੁੰਦਾ ਤੇ ਗਾਇਕਾਂ ਕੋਲ ਸਿਰਫ਼ ਪ੍ਰੋਗਰਾਮ ਬੁੱਕ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਹੀ ਹੁੰਦੀ ਹੈ।
ਦੂਜੇ ਪਾਸੇ ਸ਼ੈਰੀ ਮਾਨ ਨੇ ਵੀ ਕਿਹਾ ਕਿ ਉਸ ਦੇ ਪ੍ਰੋਗਰਾਮ ਬੁੱਕ ਕਰਨ ਵਾਲੀ ਟੀਮ ਕੋਲ ਦਰਸ਼ਕਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ, ਸਗੋਂ ਪ੍ਰੋਗਰਾਮ ਦੀ ਪ੍ਰਬੰਧਕ ਟੀਮ ਬਾਰੇ ਹੀ ਪਤਾ ਹੁੰਦਾ ਹੈ। ਗਾਇਕ ਨੇ ਸਪਸ਼ੱਟ ਕੀਤਾ ਕਿ ਕਿਸੇ ਗੈਂਗਸਟਰ ਜਾਂ ਹੋਰ ਅਪਰਾਧੀ ਨਾਲ ਉਸ ਦੀ ਕੋਈ ਜਾਣ-ਪਛਾਣ ਨਹੀਂ। ਉਂਝ ਇਨ੍ਹਾਂ ਗਾਇਕਾਂ ਨਾਲ ਅਨਮੋਲ ਬਿਸ਼ਨੋਈ ਦਾ ਨਜ਼ਰ ਆਉਣਾ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਮੂਸੇਵਾਲਾ ਦੇ ਮਾਪਿਆਂ ਨੇ ਕੁੱਝ ਗਾਇਕਾਂ ’ਤੇ ਸਵਾਲ ਖੜ੍ਹੇ ਕਰਦਿਆਂ ਆਪਣੇ ਪੁੱਤਰ ਦੇ ਕਤਲ ਵਿੱਚ ਸੰਗੀਤ ਜਗਤ ਦੇ ਕੁਝ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕੀਤੀ ਹੈ।
ਦਰਅਸਲ ਕੁਝ ਸਮਾਂ ਪਹਿਲਾਂ ਹੀ ਗ੍ਰਹਿ ਮੰਤਰਾਲੇ (ਐਮਐਚਏ) ਵੱਲੋਂ ਤਿਆਰ ਕੀਤੀ ਗਈ ਵਿਦੇਸ਼ਾਂ ਵਿੱਚ ਰਹਿਣ ਵਾਲੇ ਗੈਂਗਸਟਰਾਂ ਦੀ ਤਾਜ਼ਾ ਸੂਚੀ ਵਿੱਚ ਅਨਮੋਲ ਬਿਸ਼ਨੋਈ ਵੀ ਸ਼ਾਮਲ ਹੈ। ਅਨਮੋਲ ਬਿਸ਼ਨੋਈ ਉਰਫ਼ ਭਾਨੂ ਖ਼ਿਲਾਫ਼ ਕੌਮੀ ਜਾਂਚ ਏਜੰਸੀ ਵੱਲੋਂ ਚਾਰਜਸ਼ੀਟ ਵੀ ਦਾਖਲ ਕੀਤੀ ਗਈ ਹੈ ਤੇ ਦਾਅਵਾ ਕੀਤਾ ਗਿਆ ਸੀ ਕਿ ਉਹ ਅਮਰੀਕਾ ’ਚ ਕਿਤੇ ਲੁਕਿਆ ਹੋਇਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਨਾਲ ਪਤਾ ਲੱਗਦਾ ਹੈ ਕਿ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਬਾਵਜੂਦ ਗੈਂਗਸਟਰ ਅਨਮੋਲ ਬਿਸ਼ਨੋਈ ਵਿਦੇਸ਼ਾਂ ’ਚ ਖੁੱਲ੍ਹੇਆਮ ਘੁੰਮ ਰਿਹਾ ਹੈ।
ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਦਾਅਵਾ ਕੀਤਾ ਹੈ ਕਿ ਅਨਮੋਲ ਬਿਸ਼ਨੋਈ ਇਸ ਕੇਸ ਦਾ ਕਥਿਤ ਸਾਜ਼ਿਸ਼ਘਾੜਾ ਹੈ ਤੇ ਕਤਲ ਤੋਂ ਦੋ ਮਹੀਨੇ ਪਹਿਲਾਂ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਭੱਜ ਗਿਆ ਸੀ। ਐਸਆਈਟੀ ਨੇ ਚਾਰਜਸ਼ੀਟ ਵਿੱਚ ਅੱਗੇ ਦਾਅਵਾ ਕੀਤਾ ਕਿ ਉਹ ਸ਼ੁਰੂ ਤੋਂ ਹੀ ਯੋਜਨਾ ਦਾ ਹਿੱਸਾ ਸੀ ਤੇ ਦੇਸ਼ ਛੱਡਣ ਤੋਂ ਪਹਿਲਾਂ ਉਸ ਨੇ ਸ਼ੂਟਰਾਂ ਦੀ ਸਹਾਇਤਾ ਵੀ ਕੀਤੀ ਸੀ।