ਰੌਬਟ ਦੀ ਰਿਪੋਰਟ



ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਕਈ ਸ਼ੱਕੀ ਹਿਰਾਸਤ 'ਚ ਲਏ ਸੀ ਪਰ ਅਜੇ ਵੀ ਪੁਲਿਸ ਠੋਸ ਸਬੂਤਾਂ ਤੇ ਅਸਲ ਦੋਸ਼ੀਆਂ ਤੋਂ ਦੂਰ ਹੈ। ਪੰਜਾਬੀ ਪੁਲਿਸ ਦੇ ਡੀਜੀਪੀ ਨੇ ਵੀਕੇ ਭਾਵਰਾ ਨੇ ਮੂਸੇਵਾਲਾ ਕਤਲ ਕਾਂਡ ਨੂੰ ਗੈਂਗਸਟਰਵਾਦ ਨਾਲ ਜੁੜਿਆ ਦੱਸਿਆ ਸੀ। ਸਿੱਧੂ ਦੇ ਕਤਲ ਮਗਰੋਂ ਕਈ ਗੈਂਗਸਟਰ ਗਰੁੱਪ ਇਸ ਦਾ ਬਦਲਾ ਲੈਣ ਦੀ ਗੱਲ ਵੀ ਕਹਿ ਰਹੇ ਹਨ।

ਵਿੱਕੀ ਗੌਂਡਰ ਤੇ ਦਵਿੰਦਰ ਬੰਬੀਹਾ ਗੈਂਗ ਤੋਂ ਬਾਅਦ ਹੁਣ ਨੀਰਜ ਬਵਾਨਾ ਗੈਂਗ ਵੀ ਖੁੱਲ੍ਹ ਕੇ ਮੈਦਾਨ ਵਿੱਚ ਆ ਗਿਆ ਹੈ। ਦੱਸ ਦੇਈਏ ਕਿ ਨੀਰਜ ਬਵਾਨਾ ਗੈਂਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਾ ਕੀਤੀ ਹੈ ਤੇ ਧਮਕੀ ਦਿੱਤੀ ਹੈ ਕਿ ਉਹ ਦੋ ਦਿਨਾਂ ਵਿੱਚ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ।

ਨੀਰਜ ਬਵਾਨਾ ਨੇ ਪੋਸਟ 'ਚ ਲਿਖਿਆ ਕਿ ਸਿੱਧੂ ਮੂਸੇਵਾਲਾ ਉਸ ਦਾ ਭਰਾ ਸੀ ਤੇ ਹੁਣ ਉਹ ਦੋ ਦਿਨਾਂ ਵਿੱਚ ਉਸ ਦੇ ਕਤਲ ਦਾ ਬਦਲਾ ਲਵੇਗਾ। ਨੀਰਜ ਬਵਾਨਾ ਦਾ ਨਾਂ ਹਾਲ ਹੀ 'ਚ ਪਹਿਲਵਾਨ ਸੁਸ਼ੀਲ ਕੁਮਾਰ ਮਾਮਲੇ 'ਚ ਚਰਚਾ 'ਚ ਆਇਆ ਸੀ। ਉਹ ਦਿੱਲੀ ਦੇ ਬਵਾਨਾ ਪਿੰਡ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਕਤਲ, ਡਕੈਤੀ, ਲੁੱਟ-ਖੋਹ, ਜਬਰੀ ਵਸੂਲੀ, ਲੋਕਾਂ ਨੂੰ ਡਰਾਉਣ ਧਮਕਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਰਗੇ ਕਈ ਕੇਸ ਦਰਜ ਹਨ।

ਉਧਰ, ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁੱਛਗਿੱਛ ਲਈ ਪੰਜਾਬ ਲਿਆਂਦਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਵੱਲੋਂ ਮੰਗਲਵਾਰ ਨੂੰ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਨੂੰ ਪੰਜ ਦਿਨ ਦੇ ਰਿਮਾਂਡ 'ਤੇ ਲੈਣ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਇਸ ਮਾਮਲੇ 'ਚ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ 'ਤੇ ਪੰਜਾਬ ਲਿਆਂਦਾ ਜਾ ਸਕੇ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਤਰਫੋਂ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈ ਲਿਆ ਹੈ। ਇਸ ਦੇ ਨਾਲ ਹੀ ਕੈਨੇਡਾ ਵਿੱਚ ਲੁਕੇ ਗੈਂਗਸਟਰ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ, ਜੋ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ।

ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ 'ਚ ਭੜਕੇ ਹੋਏ ਲੋਕ ਰੋਹ ਤੋਂ ਘਬਰਾ ਕੇ ਬਿਸ਼ਨੋਈ ਨੇ ਅਦਾਲਤ 'ਚ ਪਹੁੰਚ ਕੇ ਤਿਹਾੜ 'ਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ, ਇਸ ਡਰ ਨਾਲ ਕਿ ਸ਼ਾਇਦ ਉਸ ਨੂੰ ਪੰਜਾਬ ਪੁਲਿਸ ਨੇ ਝੂਠੇ ਮੁਕਾਬਲੇ 'ਚ ਮਾਰ ਦੇਣਾ ਹੈ, ਪਰ ਅਦਾਲਤ ਨੇ ਇਸ ਪਟੀਸ਼ਨ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਹੈ।

ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਨੂੰ ਪੰਜ ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ। ਲਾਰੈਂਸ ਬਿਸ਼ਨੋਈ ਦੀ ਇਸ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੂੰ ਉਮੀਦ ਹੈ ਕਿ ਉਹ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ 'ਤੇ ਪੰਜਾਬ ਲਿਆ ਸਕਦੀ ਹੈ ਤਾਂ ਜੋ ਮੂਸੇਵਾਲਾ ਕਤਲ ਕੇਸ 'ਚ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।