- Home
-
ਖ਼ਬਰਾਂ
-
ਪੰਜਾਬ
Punjab Bandh LIVE Updates: 'ਪੰਜਾਬ ਬੰਦ' ਨੂੰ ਸਵੇਰੇ ਤੋਂ ਹੀ ਵੱਡਾ ਹੁੰਗਾਰਾ, ਬਾਜ਼ਾਰ ਬੰਦ, ਸੜਕਾਂ ਖਾਲੀ
Punjab Bandh LIVE Updates: 'ਪੰਜਾਬ ਬੰਦ' ਨੂੰ ਸਵੇਰੇ ਤੋਂ ਹੀ ਵੱਡਾ ਹੁੰਗਾਰਾ, ਬਾਜ਼ਾਰ ਬੰਦ, ਸੜਕਾਂ ਖਾਲੀ
ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਕੀਤਾ ਹੈ। ਇਸ ਵਿਚਾਲੇ 25 ਸਤੰਬਰ ਨੂੰ ਪੰਜਾਬ ਬੰਦ ਰਹੇਗਾ। ਪਤਾ ਲੱਗਾ ਹੈ ਕਿ ਪਹਿਲੀ ਅਕਤੂਬਰ ਤੋਂ ਕਿਸਾਨ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰ ਰਹੇ ਹਨ।
ਏਬੀਪੀ ਸਾਂਝਾ
Last Updated:
25 Sep 2020 03:50 PM
ਜ਼ਿਲ੍ਹਾ ਗੁਰਦਾਸਪੁਰ ‘ਚ ਕਿਸਾਨਾ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਅਸਰ ਪੂਰਨ ਤੌਰ ‘ਤੇ ਦੇਖਣ ਨੂੰ ਮਿਲਿਆ। ਉੱਥੇ ਹੀ ਗੁਰਦਾਸਪੁਰ ਦੇ ਸ਼ਹਿਰ ਬਟਾਲਾ ‘ਚ ਕਿਸਾਨ ਜਥੇਬੰਦੀ ‘ਮਾਝਾ ਕਿਸਾਨ ਸੰਗਰਸ਼ ਕਮੇਟੀ‘ ਤੇ ‘ਆੜਤੀ ਯੂਨੀਅਨ‘ ਵੱਲੋਂ ਬਟਾਲਾ ਦੇ ਬਾਜ਼ਾਰ ‘ਚ ਰੋਸ ਮਾਰਚ ਕੱਢਿਆ ਗਿਆ। ਇਸ ਉਪਰੰਤ ਬਟਾਲਾ ਸ਼ਹਿਰ ਦੇ ਮੁੱਖ ਚੌਕ ਅੰਮ੍ਰਿਤਸਰ-ਪਠਾਨਕੋਟ ‘ਚ ਚੱਕਾ ਜਾਮ ਕਰ ਪ੍ਰਦਰਸ਼ਨ ਕੀਤਾ ਗਿਆ।
ਦਿੱਲੀ ਨਾਲ ਲੱਗਦੇ ਨੋਇਡਾ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਨੇ ਦਿੱਲੀ-ਨੋਇਡਾ-ਗਰੇਟਰ ਨੋਇਡਾ ਹਾਈਵੇਅ ਜਾਮ ਕਰ ਦਿੱਤਾ ਹੈ। ਇਸ ਦਾ ਅਸਰ ਅੰਦੋਲਨ ‘ਤੇ ਪਿਆ ਹੈ। ਹਾਲਾਂਕਿ, ਨੋਇਡਾ ਦੇ ਡੀਸੀਪੀ ਨੇ ਦਾਅਵਾ ਕੀਤਾ ਹੈ ਕਿ ਟ੍ਰੈਫਿਕ ਨੂੰ ਡਾਈਵਰਚ ਕਰ ਦੇਣ ਕਰਕੇ ਬੰਦ ਨੇ ਆਮ ਜੀਵਨ 'ਤੇ ਕੋਈ ਅਸਰ ਨਹੀਂ ਪਾਇਆ।
ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਨਵਾਂਸ਼ਹਿਰ ਜ਼ਿਲ੍ਹੇ ਦੇ ਲੰਗੜੋਆ ਬਾਈਪਾਸ ਵਿਖੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਦੇ ਸਮਰਥਨ ਵਿੱਚ ਨਵਾਂਸ਼ਹਿਰ ਦੇ ਧਰਨੇ ਵਿੱਚ ਕਲਾਕਾਰ ਇੰਦਰ ਪੰਡੋਰੀ, ਵੀਤ ਬਲਜੀਤ, ਪੰਮਾ ਡੂਮੇਵਾਲ ਨੇ ਵੀ ਸ਼ਮੂਲੀਅਤ ਕੀਤੀ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਦਾਅਵਾ ਕੀਤਾ 'ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੀ ਹਾਂ ਕਿ ਮੈਂ ਕੋਈ ਕਸਰ ਨਹੀਂ ਛੱਡੀ ਕਿ ਇਹ ਆਰਡੀਨੈਂਸ ਲਾਗੂ ਨਾ ਕੀਤੇ ਜਾਣ। ਫੂਡ ਪ੍ਰੋਸੈਸਿੰਗ ਮੰਤਰੀ ਹੋਣ ਦੇ ਨਾਤੇ ਮੇਰੇ ਮੰਤਰਾਲੇ ਲਈ ਇਨ੍ਹਾਂ ਖੇਤੀ ਬਿੱਲਾਂ ਦਾ ਬਹੁਤ ਵੱਡਾ ਫਾਇਦਾ ਸੀ ਪਰ ਸੂਬਾਂ ਸਰਕਾਰਾਂ ਤੇ ਕਿਸਾਨਾਂ ਲਈ ਇਸ ਦਾ ਫਾਇਦਾ ਨਹੀਂ ਸੀ।' ਹਰਸਿਮਰਤ ਨੇ ਕਿਹਾ 'ਪਹਿਲਾ ਬਿੱਲ ਸੁਖਬੀਰ ਬਾਦਲ ਦੇ ਵਿਰੋਧ ਦੇ ਬਾਵਜੂਦ ਸੰਸਦ 'ਚ ਪਾਸ ਕਰ ਦਿੱਤਾ ਗਿਆ। ਮੈਂ ਕਿਹਾ ਤੁਸੀਂ ਦੂਜਾ ਬਿੱਲ ਵੀ ਇਸੇ ਤਰ੍ਹਾਂ ਪਾਸ ਕਰੋਗੇ ਮੈਂ ਸਰਕਾਰ ਦਾ ਹਿੱਸਾ ਨਹੀਂ ਰਹਿ ਸਕਦੀ। ਇੱਕ ਮਿੰਟ 'ਚ ਕੁਰਸੀ ਠੁਕਰਾ ਦਿੱਤੀ। ਵਿਰੋਧੀ ਕਹਿੰਦੇ ਹਨ ਕਿ ਕੁਰਸੀ ਛੱਡ ਕੇ ਡਰਾਮਾ ਕੀਤਾ। ਮੈਂ ਕਹਿੰਦੀ ਹਾਂ ਤੁਸੀਂ ਵੀ ਡਰਾਮਾ ਕਰਕੇ ਦਿਖਾ ਦਿਉ।'
ਪੰਜਾਬ ਦੇ ਅੰਮ੍ਰਿਤਸਰ ‘ਚ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਇੱਥੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਬਿੱਲ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਕਰਾਸਿੰਗ ਪੁਆਇੰਟਾਂ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਹਨ।
ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਟਰੈਕਟਰ 'ਤੇ ਸਵਾਰ ਹੋ ਕੇ ਧਰਨੇ ਵਿੱਚ ਪਹੁੰਚੇ।
ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਟਰੈਕਟਰ 'ਤੇ ਸਵਾਰ ਹੋ ਕੇ ਧਰਨੇ ਵਿੱਚ ਪਹੁੰਚੇ।
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਜਿੱਥੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦੇ ਕੇ ਸੜਕਾਂ ਤੇ ਰੇਲ ਮਾਰਗਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉੱਥੇ ਸ਼੍ਰੋਮਣੀ ਅਕਾਲੀ ਦਲ ਵੀ ਮੈਦਾਨ ਵਿੱਚ ਨਿੱਤਰਿਆ ਹੈ। ਅੱਜ ਬਰਨਾਲਾ 'ਚ ਅਕਾਲੀ ਦਲ ਵੱਲੋਂ ਲਾਏ ਗਏ ਧਰਨੇ ਵਿੱਚ ਅਕਾਲੀ ਲੀਡਰ ਦਵਿੰਦਰ ਸਿੰਘ ਬੀਹਲਾ ਵੱਲੋਂ ਟਰੈਕਟਰ ਨੂੰ ਅੱਗ ਲਾ ਕੇ ਖੇਤੀ ਬਿੱਲਾਂ ਵਿਰੁੱਧ ਰੋਸ ਜਤਾਇਆ ਗਿਆ। ਅਕਾਲੀ ਲੀਰਨ ਨੇ ਕਿਹਾ ਕਿ ਟਰੈਕਟਰ ਕਿਸਾਨ ਦਾ ਪੁੱਤ ਹੁੰਦਾ ਹੈ। ਜੇਕਰ ਕਿਸਾਨ ਹੀ ਨਾ ਰਿਹਾ ਤਾਂ ਇਨ੍ਹਾਂ ਟਰੈਕਟਰਾਂ ਦਾ ਵੀ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਸੰਘਰਸ਼ ਖੇਤੀ ਬਿੱਲ ਰੱਦ ਹੋਣ ਤੱਕ ਜਾਰੀ ਰਹੇਗਾ।
ਦੇਸ਼ ‘ਚ ਕਿਸਾਨੀ ਜਥੇਬੰਦੀਆਂ ਨੂੰ ਕਾਂਗਰਸ, ਰਾਜਦ, ਸਮਾਜਵਾਦੀ ਪਾਰਟੀ, ਅਕਾਲੀ ਦਲ, ਆਪ, ਟੀਐਮਸੀ ਸਮੇਤ ਕਈ ਰਾਜਨੀਤਕ ਪਾਰਟੀਆਂ ਦਾ ਵੀ ਸਮਰਥਨ ਮਿਲਿਆ ਹੈ। ਲੰਘੇ ਕੱਲ੍ਹ ਯਾਨੀ ਵੀਰਵਾਰ, 24 ਸਤੰਬਰ ਤੋਂ ਪੰਜਾਬ ਦੇ ਕਿਸਾਨ ਤਿੰਨ ਰੋਜ਼ਾ ਰੇਲ ਰੋਕੋ ਅੰਦੋਲਨ ‘ਤੇ ਹਨ। ਉੱਥੋਂ ਦੇ ਕਿਸਾਨ ਰੇਲਵੇ ਟਰੈਕ 'ਤੇ ਡਟ ਕੇ ਬੈਠੇ ਹਨ ਤੇ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਦੇਸ਼ ਵਿਆਪੀ ਬੰਦ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਦੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਹਨ। ਇਸ ਦੇ ਨਾਲ ਹੀ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਕਾਰਵਾਈ ਨਾਲ ਨਜਿੱਠਿਆ ਜਾ ਸਕੇ। ਦੱਸ ਦਈਏ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਕਿਸਾਨ ਨੇਤਾਵਾਂ ਨੇ ਸ਼ਾਂਤਮਈ ਅੰਦੋਲਨ ਦਾ ਭਰੋਸਾ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਅੱਜ ਟ੍ਰੈਫਿਕ ਨਹੀਂ ਚੱਲਣ ਦੇਵਾਂਗੇ। ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਆ ਕੇ ਖੜ੍ਹਨ। ਉਨ੍ਹਾਂ ਕਿਹਾ ਮੋਦੀ ਸਰਕਾਰ ਕਿਸਾਨਾਂ ਨਾਲ ਧੱਕਾ ਨਹੀਂ ਕਰ ਸਕਦੀ। 31 ਜਥੇਬੰਦੀਆ ਨੇ ਮੀਟਿੰਗ ਮਗਰੋਂ ਜਲਦ ਹੀ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ। ਅਸੀਂ ਸਾਰਿਆਂ ਦਾ ਸਮਰਥਨ ਚਾਹੁੰਦੇ ਹਾਂ। ਕਾਂਗਰਸ ਸਰਕਾਰ ਵੀ ਕਿਸਾਨਾਂ ਨਾਲ ਵਾਅਦੇ ਕਰਕੇ ਮੁੱਕਰ ਗਈ ਕਿਉਂਕਿ ਉਹ ਵੀ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੇ ਸਨ।
ਦੇਸ਼ ਭਰ ਦੇ ਕਿਸਾਨ ਖੇਤੀ ਬਿੱਲਾਂ ਵਿਰੁੱਧ ਸੜਕਾਂ ‘ਤੇ ਉੱਤਰ ਆਏ ਹਨ, ਜਦੋਂਕਿ ਪੰਜਾਬ ਵਿੱਚ ਕਿਸਾਨ ਰੇਲ ਰੋਕੋ ਅੰਦੋਲਨ ਚਲਾ ਰਹੇ ਹਨ। ਕਿਸਾਨ ਸਵੇਰੇ ਤੋਂ ਹੀ ਰੇਲਵੇ ਟਰੈਕਾਂ 'ਤੇ ਬੈਠ ਕੇ ਇਸ ਬਿੱਲ ਵਿਰੁੱਧ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਸ ਤੋਂ ਇਲਾਵਾ ਅੱਜ ਪੰਜਾਬ ਬੰਦ ਹੈ।
ਦੇਸ਼ ਦੇ ਕਈ ਹਿੱਸਿਆਂ ਵਿੱਚ ਕਿਸਾਨ ਬਿੱਲ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਿਹਾਰ ਦੇ ਦਰਭੰਗਾ ਵਿੱਚ, ਰਾਜਦ ਵਰਕਰਾਂ ਨੇ ਇੱਕ ਮੱਝ ਉੱਤੇ ਪ੍ਰਦਰਸ਼ਨ ਕੀਤਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਤੇ ਬੰਦ ਦੇ ਹੱਕ ਵਿੱਚ ਡਟੀਆਂ ਹੋਰ ਜਥੇਬੰਦੀਆਂ ਨੂੰ ਪੂਰੇ ਸਮੇਂ ਦੌਰਾਨ ਸਮਾਜਿਕ ਦੂਰੀ ਰੱਖਣ ਤੇ ਮਾਸਕ ਪਹਿਨਣ ਦੇ ਨੇਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਾਵਧਾਨ ਕਰਦਿਆਂ ਕਿਹਾ ਕਿ ਸੂਬਾ ਪਹਿਲਾਂ ਹੀ ਕੋਵਿਡ ਕੇਸਾਂ ਵਿੱਚ ਲਗਾਤਾਰ ਵਾਧੇ ਦਾ ਸਾਹਮਣਾ ਕਰ ਰਿਹਾ ਹੈ ਤੇ ਇਹਤਿਆਤ ਵਰਤਣ ਦੇ ਨੇਮਾਂ ਦੀ ਕੋਈ ਵੀ ਉਲੰਘਣਾ ਸਥਿਤੀ ਨੂੰ ਬੇਕਾਬੂ ਕਰ ਸਕਦੀ ਹੈ।
ਖੇਤੀ ਬਿੱਲਾਂ ਖਿਲਾਫ ਪੰਜਾਬ ਬੰਦ ਤਹਿਤ ਬਾਜ਼ਾਰ ਬੰਦ ਹਨ ਤੇ ਸੜਕਾਂ 'ਤੇ ਆਵਾਜਾਈ ਠੱਪ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੇ ਵੀ ਚੱਕਾ ਜਾਮ ਦਾ ਐਲਾਨ ਕੀਤਾ ਹੈ ਪਰ ਸੰਘਰਸ਼ ਦੀ ਪੂਰਾ ਕਮਾਨ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਹੱਥ ਹੈ। ਕਿਸਾਨਾਂ ਨੇ ਪੰਜਾਬ ਬੰਦ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਕਿਸੇ ਐਮਰਜੈਂਸੀ ਦੀ ਹਾਲਤ ਵਿੱਚ ਲੋਕਾਂ ਨੂੰ ਦਿੱਕਤ ਨਾ ਆਵੇ।
ਬਠਿੰਡਾ ਵਿੱਚ ਕਿਸਾਨਾਂ ਨੂੰ ਪੂਰਨ ਸਮਰਥਨ ਮਿਲਿਆ ਹੈ। ਦੁਕਾਨਦਾਰ ਤੇ ਵਪਾਰੀ ਕਿਸਾਨਾਂ ਦਾ ਦਿਲੋਂ ਸਾਥ ਦੇ ਰਹੇ ਹਨ। ਮੇਨ ਬਾਜ਼ਾਰ ਵਿੱਚ ਸਾਰੀਆਂ ਦੁਕਾਨਾਂ ਬੰਦ ਹਨ। ਬਠਿੰਡਾ ਸ਼ਹਿਰ ਦੇ ਲੋਕਾਂ ਨੇ ਆਪਣੇ ਆਪ ਹੀ ਵੱਡਾ ਸਮਰਥਨ ਦਿੱਤਾ ਹੈ। ਬਠਿੰਡਾ 'ਚ ਕੋਈ ਕਿਸਾਨ ਜਥੇਬੰਦੀ ਮਾਰਕੀਟ ਬੰਦ ਕਰਵਾਉਣ ਨਹੀਂ ਆਈ। ਜ਼ਰੂਰੀ ਵਸਤਾਂ ਖਰੀਦਣ ਲਈ ਹੀ ਸਿਰਫ ਸਵੇਰ ਦੇ ਸਮੇਂ ਲੋਕ ਘਰੋਂ ਬਾਹਰ ਨਿਕਲ ਰਹੇ ਹਨ।
ਹਰਭਜਨ ਮਾਨ, ਉਨ੍ਹਾਂ ਦਾ ਬੇਟਾ ਅਵਕਾਸ਼ ਮਾਨ, ਕੁਲਵਿੰਦਰ ਬਿੱਲਾ, ਸ਼ਿਵਜੋਤ, ਰਣਜੀਤ ਬਾਵਾ ਤੇ ਰਵਨੀਤ ਸਣੇ ਕਈ ਹੋਰ ਪੰਜਾਬੀ ਗਾਇਕ ਕਿਸਾਨਾਂ ਦਾ ਸਾਥ ਦੇਣ ਜਾ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਵੀ ਆਪਣਾ ਰੋਸ ਪ੍ਰਗਟਾਇਆ ਜਾ ਚੁੱਕਾ ਹੈ। ਗਾਇਕ ਸਿੱਪੀ ਗਿੱਲ ਨੇ 'ਆਸ਼ਿਕ਼ ਮਿੱਟੀ ਦੇ' ਗੀਤ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ 'ਅੱਖਾਂ ਖੋਲ੍ਹ' ਗੀਤ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।
ਖੇਤੀ ਬਿੱਲਾਂ ਖਿਲਾਫ ਪੰਜਾਬੀ ਕਲਾਕਾਰ ਵੀ ਇਸ ਵਾਰ ਮੈਦਾਨ ਚ ਨਿੱਤਰੇ ਹਨ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨਾਂ ਦਾ ਡਟ ਕੇ ਸਾਥ ਦੇ ਰਹੇ ਹਨ। ਇਸ ਤੋਂ ਬਾਅਦ ਅੱਜ ਨਾਭਾ ਚ ਕਿਸਾਨਾਂ ਦੇ ਧਰਨੇ ਵਿੱਚ ਸਮਰਥਨ ਦੇਣ ਲਈ ਪੰਜਾਬੀ ਗਾਇਕ ਚੰਡੀਗੜ੍ਹ ਤੋਂ ਰਵਾਨਾ ਹੋਏ।
ਪੰਜਾਬ ਦੇ ਨਾਲ-ਨਾਲ ਅੱਜ ਦਿੱਲੀ ਵਿੱਚ ਵੀ ਕਿਸਾਨ ਖੇਤੀ ਬਿੱਲਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰਦਰਸ਼ਨ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਵੀ ਸਮਰਥਨ ਮਿਲੇਗਾ। ਦੁਪਹਿਰ 12 ਵਜੇ ਜੰਤਰ ਮੰਤਰ ਵਿਖੇ ਖੇਤੀ ਬਿੱਲਾਂ ਖਿਲਾਫ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਯੂਥ ਕਾਂਗਰਸ ਨੇ ਵੀਰਵਾਰ ਸ਼ਾਮ ਨੂੰ ਦਿੱਲੀ ਵਿੱਚ ਮਸ਼ਾਲ ਜਲੂਸ ਕੱਢਿਆ ਤੇ ਰੋਸ ਪ੍ਰਦਰਸ਼ਨ ਕੀਤਾ।
ਪੰਜਾਬ ਸਰਕਾਰ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਬੰਦ ਦੌਰਾਨ ਕਿਸਾਨਾਂ ਪ੍ਰਤੀ ਨਰਮ ਰਵੱਈਆ ਅਪਣਾਇਆ ਜਾਵੇ ਤੇ ਉਨ੍ਹਾਂ ‘ਤੇ ਕੋਈ ਸਖਤੀ ਨਾ ਵਰਤੀ ਜਾਵੇ। ਇਸ ਦੇ ਨਾਲ ਹੀ ਐਂਬੂਲੈਂਸ ਸੇਵਾ, ਸਿਵਲ ਸਰਜਨ, ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਪ੍ਰਦਰਸ਼ਨ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਣ 'ਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਦੇਖਭਾਲ ਮੁਹੱਈਆ ਕਰਵਾ ਸਕੇ।
ਬਰਨਾਲਾ ਜ਼ਿਲ੍ਹੇ 'ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵਪਾਰੀਆਂ, ਆੜਤੀਆਂ ਤੇ ਸਾਰੇ ਵਰਗਾਂ ਨੇ ਕਿਸਾਨਾਂ ਦੇ ਬੰਦ ਨੂੰ ਹਮਾਇਤ ਦਿੱਤੀ ਹੈ। ਬਰਨਾਲਾ ਜ਼ਿਲ੍ਹੇ 'ਚ 6 ਥਾਵਾਂ 'ਤੇ ਕਿਸਾਨ ਧਰਨਾ ਲਾ ਰਹੇ ਹਨ। ਇਨ੍ਹਾਂ ਧਰਨਿਆਂ 'ਚ ਬਠਿੰਡਾ-ਲੁਧਿਆਣਾ ਮਾਰਗ ਨੂੰ ਮਹਿਲ ਕਲਾਂ, ਚੰਡੀਗੜ੍ਹ ਫਰੀਦਕੋਟ ਮਾਰਗ ਨੂੰ ਪੱਖੋਂ ਕੈਂਚੀਆਂ, ਬਠਿੰਡਾ ਚੰਡੀਗੜ੍ਹ ਮਾਰਗ ਨੂੰ ਧਨੌਲਾ, ਲੁਧਿਆਣਾ ਮਾਨਸਾ ਮਾਰਗ ਨੂੰ ਰੂੜੇਕੇ ਕਲਾਂ, ਬਠਿੰਡਾ ਚੰਡੀਗੜ੍ਹ ਮਾਰਗ ਨੂੰ ਤਪਾ ਤੇ ਰੇਲ ਮਾਰਗ ਜਾਮ ਕੀਤੇ ਜਾਣਗੇ। ਜ਼ਿਲ੍ਹੇ 'ਚ ਬੰਦ ਨੂੰ ਦੇਖਦਿਆਂ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਕਿਸਾਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅੱਜ ਤਿੰਨ ਘੰਟਿਆਂ ਲਈ ਬਠਿੰਡਾ ਚੰਡੀਗੜ੍ਹ ਮਾਰਗ ਨੂੰ ਤਿੰਨ ਘੰਟਿਆਂ ਲਈ ਜੰਮ ਕੀਤਾ ਜਾਵੇਗਾ।
ਖੇਤੀ ਬਿੱਲਾਂ ਖਿਲਾਫ ਅੱਜ ਪੰਜਾਬ ਭਰ 'ਚ ਕਿਸਾਨਾਂ ਵੱਲੋਂ ਵੱਡਾ ਅੰਦੋਲਨ ਆਰੰਭਿਆ ਗਿਆ ਹੈ। ਇਸ ਤਹਿਤ ਜਿੱਥੇ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਹੈ ਉੱਥੇ ਹੀ ਕਿਸਾਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੱਡੇ ਪੱਧਰ 'ਤੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਖੇਤੀ ਬਿੱਲਾਂ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਪੰਜਾਬ ਦੀਆਂ 31 ਕਿਸਾਨ ਵੱਲੋਂ ਪੰਜਾਬ ਬੰਦ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਬਾਜ਼ਾਰ ਬੰਦ ਹਨ ਤੇ ਸੜਕਾਂ 'ਤੇ ਆਵਾਜਾਈ ਵੀ ਨਾ-ਮਾਤਰ ਹੈ।
ਪਿਛੋਕੜ
ਚੰਡੀਗੜ੍ਹ: ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਕੀਤਾ ਹੈ। ਇਸ ਵਿਚਾਲੇ 25 ਸਤੰਬਰ ਨੂੰ ਪੰਜਾਬ ਬੰਦ ਰਹੇਗਾ। ਪਤਾ ਲੱਗਾ ਹੈ ਕਿ ਪਹਿਲੀ ਅਕਤੂਬਰ ਤੋਂ ਕਿਸਾਨ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰ ਰਹੇ ਹਨ।
ਬੇਸ਼ੱਕ ਕਿਸਾਨਾਂ ਨੇ ਸਿਆਸੀ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੱਕਾ ਜਾਮ ਦੇ ਪ੍ਰੋਗਰਾਮ ਤੋਂ ਦੂਰ ਰਹਿਣ ਪਰ ਸਿਆਸੀ ਪਾਰਟੀਆਂ ਨਾਲ ਜੁੜੇ ਕਿਸਾਨ ਖੁੱਲ੍ਹ ਕੇ ਕਿਸਾਨਾਂ ਨਾਲ ਖੜ੍ਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ ਪਰ ਉਹ ਪਹਿਲਾਂ ਕਿਸਾਨ ਹਨ। ਇਸ ਲਈ ਉਹ ਕਿਸਾਨ ਸੰਘਰਸ਼ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਉਧਰ, ਕਿਸਾਨਾਂ ਵੱਲੋਂ 48 ਘੰਟਿਆਂ ਲਈ ਰੇਲਾਂ ਰੋਕਣ ਦੇ ਕੀਤੇ ਐਲਾਨ ਕਰਕੇ ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਸ ਲਈ ਅਗਲੇ ਤਿੰਨ ਦਿਨ ਪੰਜਾਬ ਵੱਲ ਕੋਈ ਰੇਲ ਗੱਡੀ ਨਹੀਂ ਆਏਗੀ।
ਕਿਸਾਨਾਂ ਦਾ ਕਹਿਣਾ ਹੈ ਕਿ ਤਿੰਨ ਖੇਤੀ ਬਿੱਲਾਂ, ਬਿਜਲੀ ਬਿੱਲ 2020, ਤੇਲ ਦੀਆਂ ਕੀਮਤਾਂ ਘੱਟ ਕਰਨ ਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰਹੇਗਾ। ਇਸ ਲਈ ਫ਼ੈਸਲਾ ਕੀਤਾ ਗਿਆ ਕਿ ਪਹਿਲੀ ਅਕਤੂਬਰ ਤੋਂ ਪੰਜਾਬ ਵਿੱਚ ਅਣਮਿੱਥੇ ਸਮੇਂ ਲਈ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਸੱਦ ਕੇ ਖੇਤੀ ਬਿਲਾਂ ਨੂੰ ਰੱਦ ਕਰਨ ਦੇ ਮਤੇ ਪਵਾ ਕੇ ਭਾਰਤ ਸਰਕਾਰ ਤੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ।
ਉਨ੍ਹਾਂ ਕਿਹਾ ਕਿ ਇਸੇ ਕੜੀ ਵਿੱਚ ਭਾਜਪਾ ਦੇ ਵਿਧਾਇਕਾਂ, ਸੰਸਦ ਮੈਂਬਰਾਂ, ਸੂਬਾ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨਾਂ ਖ਼ਿਲਾਫ਼ ਧਰਨੇ ਮੁਜ਼ਾਹਰੇ ਕਰਦਿਆਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ ਤੇ ਕਾਲੇ ਝੰਡੇ ਵਿਖਾਏ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਰੱਦ ਕਰਵਾਉਣ ਤੇ ਪੰਜਾਬ ਸਰਕਾਰ ਵੱਲੋਂ ਅਸੈਂਬਲੀ ਇਜਲਾਸ ਵਿੱਚ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਦੇ ਮਤੇ ਪਾਉਣ ਤੱਕ ਅੰਦੋਲਨ ਲਗਾਤਾਰ ਜਾਰੀ ਰਹੇਗਾ।