ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਤਿੰਨੇ ਵਿਵਾਦਗ੍ਰਸਤ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਸਾਨਾਂ ਨਾਲ ਵਿਸਤ੍ਰਿਤ ਗੱਲਬਾਤ ਕਰਨ ਦੀ ਵੀ ਸਲਾਹ ਦਿੱਤੀ ਹੈ, ਤਾਂ ਜੋ ਇਸ ਮਾਮਲੇ ਦਾ ਕੋਈ ਹੱਲ ਲੱਭ ਸਕੇ। ਦੱਸ ਦਈਏ ਕਿ ਅੱਜ ਦੇ ਦਿਨ ਹੀ ਪਿਛਲੇ ਸਾਲ ਤਿੰਨੇ ਖੇਤੀ ਕਾਨੂੰਨ ਲਾਗੂ ਕੀਤੇ ਗਏ ਸਨ।


ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋਣ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ ਤੇ ਕਿਸਾਨਾਂ ਤੇ ਦੇਸ਼ ਦੇ ਹਿੱਤ ਵਿੱਚ ਕਾਨੂੰਨ ਵਾਪਸ ਲੈ ਲਏ ਜਾਣ।


ਮੁੱਖ ਮੰਤਰੀ ਅੱਜ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਤੀਜੇ ਰਾਜ ਪੱਧਰੀ ਵਰਚੁਅਲ ਕਿਸਾਨ ਮੇਲੇ ਦਾ ਉਦਘਾਟਨ ਕਰ ਰਹੇ ਸਨ, ਤਾਂ ਉਨ੍ਹਾਂ #nofarmers_nofood ਬੈਜ ਵੀ ਪਹਿਨਿਆ ਹੋਇਆ ਸੀ। ਦੋ ਦਿਨਾ ਮੇਲਾ ਇਸ ਵਿਸ਼ੇ 'ਤੇ ਕੇਂਦਰਤ ਹੈ:' ਕਰੀ ਪਰਾਲੀ ਦੀ ਸੰਭਾਲ, ਧਰਤੀ ਮਾਂ ਹੋਵੇ ਖੁਸ਼ਹਾਲ' ਦਰਅਸਲ, ਇਹ ਪਰਾਲ਼ੀ ਸਾੜਨ ਦਾ ਰਿਵਾਜ ਖ਼ਤਮ ਕਰਨ ਦੀ ਰਾਜ ਸਰਕਾਰ ਦੀ ਮੁਹਿੰਮ ਉੱਤੇ ਕੇਂਦ੍ਰਿਤ ਹੈ।


ਮੁੱਖ ਮੰਤਰੀ ਨੇ ਸੁਆਲ ਕੀਤਾ,“ਅੱਜ ਤੱਕ, ਭਾਰਤੀ ਸੰਵਿਧਾਨ ਵਿੱਚ 127 ਵਾਰ ਸੋਧ ਕੀਤੀ ਜਾ ਚੁੱਕੀ ਹੈ, ਇਸ ਲਈ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਅਤੇ ਉਨ੍ਹਾਂ ਦੇ ਨਤੀਜੇ ਵਜੋਂ ਪੈਦਾ ਹੋਏ ਵਿਗਾੜ ਨੂੰ ਸੁਲਝਾਉਣ ਵਾਸਤੇ ਇਨ੍ਹਾਂ ਨੂੰ ਦੁਬਾਰਾ ਸੋਧਿਆ ਕਿਉਂ ਨਹੀਂ ਜਾ ਸਕਦਾ?” ਉਨ੍ਹਾਂ ਨੇ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਅਗਵਾਈ ਵਾਲੀ ਸਰਕਾਰ ਤੋਂ ਇਹ ਜਾਣਨ ਦੀ ਮੰਗ ਕੀਤੀ, ਜੋ 128ਵੀਂ ਵਾਰ ਅਜਿਹਾ ਕਰਨ ਵਿੱਚ ਕੀ ਸਮੱਸਿਆ ਹੈ?


ਅੱਜ ਕਿਸਾਨਾਂ ਦੇ ਨਾਲ ਜੋ ਹੋ ਰਿਹਾ ਹੈ ਉਹ ਬਹੁਤ ਹੀ ਦੁਖਦਾਈ ਹੈ, ਭਾਰਤ ਦੇ ਵਿਕਾਸ ਤੇ ਤਰੱਕੀ ਵਿੱਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਦੇ ਮੱਦੇਨਜ਼ਰ, ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹ ਕਾਨੂੰਨ ਨਾ ਸਿਰਫ ਖੇਤੀਬਾੜੀ ਭਾਈਚਾਰੇ ਦੇ ਹਿੱਤਾਂ ਲਈ ਨੁਕਸਾਨਦੇਹ ਹਨ, ਸਗੋਂ ਪੂਰੇ ਦੇਸ਼ ਲਈ ਵੀ ਠੀਕ ਨਹੀਂ ਹਨ।


ਕੈਪਟਨ ਨੇ ਕਿਹਾ ਕਿ ਕੇਂਦਰ ਵੱਲੋਂ ਉਨ੍ਹਾਂ ਨੂੰ ਪਿਛਲੇ ਨਵੰਬਰ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਮੁੱਢੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਵਿਰੋਧ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ। ਮੁੱਖ ਮੰਤਰੀ ਨੇ ਸੁਆਲ ਕੀਤਾ,“ਕਿਸਾਨਾਂ ਨੂੰ ਵਿਰੋਧ ਕਿਉਂ ਨਹੀਂ ਕਰਨਾ ਚਾਹੀਦਾ? ਮੈਂ ਉਨ੍ਹਾਂ ਨੂੰ ਕਿਵੇਂ ਰੋਕ ਸਕਦਾ ਹਾਂ?”


ਦੇਸ਼ ਦੇ ਵਿਕਾਸ ਵਿੱਚ ਪੰਜਾਬ ਤੇ ਇਸ ਦੇ ਕਿਸਾਨਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ, ਭਾਰਤ ਦੇ ਕੁੱਲ ਭੂਗੋਲਿਕ ਖੇਤਰ ਦੇ ਸਿਰਫ 1.53% ਦੇ ਬਾਵਜੂਦ ਦੇਸ਼ ਲਈ ਲਗਭਗ 18% ਕਣਕ, 11% ਝੋਨਾ, 4.4% ਕਪਾਹ ਅਤੇ 10% ਦੁੱਧ ਦਾ ਉਤਪਾਦਨ ਕਰਦਾ ਹੈ। ਪਿਛਲੇ ਕਈ ਦਹਾਕਿਆਂ ਤੋਂ, ਪੰਜਾਬ ਕੇਂਦਰੀ ਪੂਲ ਵਿੱਚ ਲਗਪਗ 35-40% ਕਣਕ ਤੇ 25-30% ਚਾਵਲ ਦਾ ਯੋਗਦਾਨ ਪਾ ਰਿਹਾ ਹੈ।


ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਨੇ 2018-19 ਦੌਰਾਨ ਰਿਕਾਰਡ ਕਣਕ ਉਤਪਾਦਕਤਾ (5188 ਕਿਲੋ/ਹੈਕਟੇਅਰ) ਤੇ ਉਤਪਾਦਨ (182.6 ਲੱਖ ਟਨ) ਹਾਸਲ ਕੀਤੀ ਹੈ। ਪੰਜਾਬ ਨੇ 2017-18 ਦੌਰਾਨ ਚੌਲਾਂ ਦੀ ਰਿਕਾਰਡ ਉਤਪਾਦਕਤਾ (4366 ਕਿਲੋ/ਹੈਕਟੇਅਰ) ਅਤੇ ਉਤਪਾਦਨ (133.8 ਲੱਖ ਟਨ) ਵੀ ਪ੍ਰਾਪਤ ਕੀਤੀ। 2019-20 ਦੌਰਾਨ ਕਪਾਹ ਦੀ ਰਿਕਾਰਡ ਉਤਪਾਦਕਤਾ (827 ਕਿਲੋਗ੍ਰਾਮ lint/ਹੈਕਟੇਅਰ) ਵੀ ਪ੍ਰਾਪਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਪੰਜਾਬ ਦੇ ਮਿਹਨਤੀ ਕਿਸਾਨਾਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀਆਂ ਖੇਤੀ ਤਕਨੀਕਾਂ ਨੂੰ ਦਿੱਤਾ ਜਾਂਦਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਉਹ 1970 ਤੋਂ ਕਿਸਾਨ ਮੇਲਿਆਂ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਹੀ ਪੰਜਾਬ ਦੀ ਜੀਵਨ ਰੇਖਾ ਹੈ ਅਤੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਤਕਨੀਕਾਂ, ਬੀਜਾਂ ਆਦਿ ਵਿੱਚ ਪੀਏਯੂ ਦੀ ਤਰੱਕੀ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ।


ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ, ਪੀਏਯੂ ਦੇ ਏਸੀਐਸ (ਡੀ) -ਕਮ-ਵਾਈਸ ਚਾਂਸਲਰ, ਅਨਿਰੁੱਧ ਤਿਵਾੜੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਦੌਰਾਨ, ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਇਨੋਵੇਟਿਵ ਹੋਣ ਲਈ ਕਿਹਾ ਹੈ ਤਾਂ ਜੋ ਕੰਮ ਨੂੰ ਜਾਰੀ ਰੱਖਿਆ ਜਾ ਸਕੇ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਦਿੱਤੀਆਂ ਜਾ ਸਕਣ। ਵਰਚੁਅਲ ਕਿਸਾਨ ਮੇਲਾ ਇਸ ਦਿਸ਼ਾ ਵਿੱਚ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਪਹਿਲਾਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਿੱਜੀ ਤੌਰ 'ਤੇ ਨਹੀਂ ਆ ਸਕਦੇ ਸਨ, ਉਹ ਹੁਣ ਵਰਚੁਅਲੀ ਸ਼ਾਮਲ ਹੋ ਸਕਦੇ ਹਨ।


ਇਹ ਵੀ ਪੜ੍ਹੋ: Akali Dal Protest: ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਸਮੇਤ 15 ਅਕਾਲੀ ਆਗੂ ਹਿਰਾਸਤ 'ਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904