Punjab News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤਪਾਲ ਆਪਣੇ ਸਾਥੀਆਂ ਸਮੇਤ ਡਿਬਰੂਗੜ੍ਹ ਜੇਲ੍ਹ ਵਿੱਚ ਭੁੱਖ ਹੜਤਾਲ ’ਤੇ ਹੈ। ਜਿਸ ਬਾਰੇ ਹੁਣ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਹੈ ਕਿ ਅੰਮ੍ਰਿਤਪਾਲ ਅਤੇ ਉਸ ਦੇ ਨਾਲ ਭੁੱਖ ਹੜਤਾਲ 'ਤੇ ਨਹੀਂ ਹਨ। ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਤਰਫੋਂ ਫੋਨ ਐਕਸੈਸ ਦੀ ਬੇਨਤੀ ਕੀਤੀ ਗਈ ਸੀ। ਹੁਣ ਉਨ੍ਹਾਂ ਨੂੰ ਹਫਤੇ 'ਚ ਇੱਕ ਵਾਰ ਫੋਨ ਕਰਨ ਦੀ ਇਜਾਜ਼ਤ ਹੋਵੇਗੀ।


ਅਧਿਕਾਰੀਆਂ ਨੇ ਜੇਲ੍ਹ ਦਾ ਕੀਤਾ ਦੌਰਾ 


ਭੁੱਖ ਹੜਤਾਲ 'ਤੇ ਬੈਠੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੇ ਦਾਅਵਿਆਂ ਨੂੰ ਲੈ ਕੇ ਡਿਬਰੂਗੜ੍ਹ ਦੇ ਡਿਪਟੀ ਕਮਿਸ਼ਨਰ ਬਿਸਵਜੀਤ ਪੇਗੂ ਅਤੇ ਐੱਸਪੀ ਸ਼ਵੇਤਾਂਕ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਜੇਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਰਨਦੀਪ ਕੌਰ ਦੇ ਦਾਅਵੇ ਨੂੰ ਨਕਾਰ ਦਿੱਤਾ।


ਕਿਰਨਦੀਪ ਕੌਰ ਨੇ ਇਹ ਦਾਅਵਾ ਕੀਤਾ ਸੀ


ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਜੇਲ੍ਹ ਵਿੱਚ ਖਾਣ-ਪੀਣ ਦਾ ਪ੍ਰਬੰਧ ਠੀਕ ਨਹੀਂ ਹੈ। ਕਈ ਵਾਰ ਦਾਲਾਂ ਜਾਂ ਸਬਜ਼ੀਆਂ ਵਿੱਚ ਲੂਣ ਨਹੀਂ ਪਾਇਆ ਜਾਂਦਾ ਅਤੇ ਕਈ ਵਾਰ ਭੋਜਨ ਵਿੱਚ ਤੰਬਾਕੂ ਵੀ ਮਿਲਾਇਆ ਜਾਂਦਾ ਹੈ। ਜੇਲ੍ਹ ਵਿੱਚ ਖਾਣ ਲਈ ਕੁਝ ਵੀ ਨਹੀਂ ਮਿਲਦਾ। ਕਿਰਨਦੀਪ ਕੌਰ ਨੇ ਕਿਹਾ ਸੀ ਕਿ ਜੇਲ੍ਹ ਵਿੱਚ ਉਸ ਦੀ ਭਾਸ਼ਾ ਕੋਈ ਨਹੀਂ ਸਮਝਦਾ, ਇਸ ਲਈ ਉਹ ਮਾਨਸਿਕ ਪ੍ਰੇਸ਼ਾਨੀਆਂ ਨਾਲ ਜੂਝ ਰਹੀ ਹੈ। ਇਸ ਤੋਂ ਇਲਾਵਾ ਫੋਨ ਦੀ ਸਹੂਲਤ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨਾਲ ਗੱਲ ਕਰਨੀ ਵੀ ਸੰਭਵ ਨਹੀਂ ਹੈ। ਜਦੋਂ ਉਨ੍ਹਾਂ ਦੇ ਰਿਸ਼ਤੇਦਾਰ ਜੇਲ੍ਹ ਵਿੱਚ ਅੰਮ੍ਰਿਤਪਾਲ ਅਤੇ ਹੋਰ ਸਿੱਖਾਂ ਨੂੰ ਮਿਲਣ ਜਾਂਦੇ ਹਨ ਤਾਂ ਉਨ੍ਹਾਂ ਨੂੰ 20-25 ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਹਨ ਹਰ ਪਰਿਵਾਰ ਇਹ ਖਰਚ ਨਹੀਂ ਝੱਲ ਸਕਦਾ।


ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਸੀ ਨਿਖੇਧੀ 


ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ ਹੈ ਕਿ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਅਤੇ ਗੁਰਸਿੱਖਾਂ ਨੂੰ ਆਟੇ ਵਿੱਚ ਤੰਬਾਕੂ ਮਿਲਾ ਕੇ ਖੁਆਉਣਾ ਦੁਖਦਾਈ ਅਤੇ ਅਸਹਿਣਯੋਗ ਹੈ।