Amritpal Singh: ਅੱਜ ਪਾਰਲੀਮੈਂਟ ਵਿੱਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਸਹੁੰ ਚੁੱਕ ਲਈ ਹੈ ਪਰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਸਹੁੰ ਨਹੀਂ ਚੁੱਕ ਸਕੇ। ਅਹਿਮ ਗੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣ ਲਈ ਆਵਾਜ਼ ਮਾਰੀ ਗਈ ਪਰ ਉਹ ਨਹੀਂ ਪਹੁੰਚ ਸਕੇ ਕਿਉਂਕਿ ਉਹ ਜੇਲ੍ਹ ਵਿੱਚ ਬੰਦ ਹਨ, ਪਰ ਨਿਯਮਾਂ ਅਨੁਸਾਰ ਪ੍ਰੋਟਮ ਸਪੀਕਰ ਨੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਲਈ ਆਵਾਜ਼ ਦਿੱਤੀ। ਜਦੋਂ ਸੰਸਦ ਵਿੱਚ ਉਨ੍ਹਾਂ ਦੀ ਮੌਜੂਦਗੀ ਨਜ਼ਰ ਨਹੀਂ ਆਈ ਤਾਂ ਅਗਲੇ ਸੰਸਦ ਮੈਂਬਰ ਦਾ ਨਾਂਅ ਲਿਆ ਗਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਹੈ ਤਾਂ ਪ੍ਰੋਟਮ ਸਪੀਕਰ (Pro -tem Speaker) ਨੇ ਉਸ ਦਾ ਨਾਂਅ ਕਿਉਂ ਲਿਆ? ਆਖ਼ਰਕਾਰ, ਸੰਸਦ ਮੈਂਬਰਾਂ ਦੀ ਸਹੁੰ ਬਾਰੇ ਕੀ ਨਿਯਮ ਹਨ ?
ਦਰਅਸਲ ਸੋਮਵਾਰ ਨੂੰ ਜਦੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਹੁੰ ਚੁੱਕੀ। ਸੰਸਦ ਸੈਸ਼ਨ ਦੇ ਪਹਿਲੇ ਦੋ ਦਿਨਾਂ ਦਾ ਪ੍ਰੋਗਰਾਮ ਮੈਂਬਰਾਂ ਨੂੰ ਸਹੁੰ ਚੁਕਾਉਣਾ ਹੈ। ਪਹਿਲੇ ਦਿਨ ਯਾਨੀ ਸੋਮਵਾਰ ਨੂੰ ਕਰੀਬ 280 ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। ਬਾਕੀ ਦੇ ਸੰਸਦ ਮੈਂਬਰ ਨੇ ਮੰਗਲਵਾਰ ਨੂੰ ਸਹੁੰ ਚੁੱਕੀ। ਹੁਣ ਸਵਾਲ ਇਹ ਉੱਠਦਾ ਹੈ ਕਿ, ਕੀ ਸੰਸਦ ਮੈਂਬਰਾਂ ਦੀ ਸਹੁੰ ਚੁੱਕਣ ਲਈ ਕੋਈ ਨਿਯਮ ਹਨ ? ਕੀ ਕੋਈ ਵੀ ਸੰਸਦ ਮੈਂਬਰ ਕਿਸੇ ਵੀ ਸਮੇਂ ਸਹੁੰ ਚੁੱਕ ਸਕਦਾ ਹੈ ? ਕੀ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਪਹਿਲਾਂ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਬਾਅਦ ਵਿੱਚ ਸਹੁੰ ਚੁੱਕਣਗੇ ? ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਲੋਕ ਸਭਾ ਮੈਂਬਰਾਂ ਵੱਲੋਂ ਸੰਸਦ ਵਿੱਚ ਚੁੱਕੀ ਸਹੁੰ ਦੇ ਵੀ ਆਪਣੇ ਨਿਯਮ ਹੁੰਦੇ ਹਨ।
ਸੰਸਦ ਮੈਂਬਰਾਂ ਦੀ ਸਹੁੰ ਦੇ ਨਿਯਮ ਕੀ ਹਨ ?
ਨਿਯਮਾਂ ਮੁਤਾਬਕ, ਜਦੋਂ ਸੰਸਦ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁਕਾਈ ਜਾਂਦੀ ਹੈ। ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਹੁੰ ਚੁਕਾਈ ਜਾਂਦੀ ਹੈ। ਇਸ ਤੋਂ ਬਾਅਦ ਕੇਂਦਰੀ ਰਾਜ ਮੰਤਰੀਆਂ ਦੀ ਵਾਰੀ ਆਉਂਦੀ ਹੈ। ਜਦੋਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਂਦੀ ਹੈ ਤਾਂ ਸੰਸਦ ਮੈਂਬਰਾਂ ਦੀ ਵਾਰੀ ਆਉਂਦੀ ਹੈ। ਹਾਲਾਂਕਿ, ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੇ ਸਬੰਧ ਵਿੱਚ ਵਰਣਮਾਲਾ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਹਾਂ, ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ, ਨਾਮ ਦੇ ਆਧਾਰ 'ਤੇ ਰਾਜ-ਵਾਰ ਸਹੁੰ ਚੁਕਾਈ ਜਾਂਦੀ ਹੈ। ਆਓ ਇਸ ਨੂੰ ਇੱਕ ਉਦਾਹਰਣ ਨਾਲ ਸਮਝਣ ਦੀ ਕੋਸ਼ਿਸ਼ ਕਰੀਏ।
ਨਿਯਮਾਂ ਨੂੰ ਉਦਾਹਰਣਾਂ ਨਾਲ ਸਮਝੋ
ਸਭ ਤੋਂ ਪਹਿਲਾਂ ਸੂਬੇ ਦੇ ਉਨ੍ਹਾਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਂਦੀ ਹੈ, ਜਿਸ ਸੂਬੇ ਦਾ ਨਾਂਅ 'A' ਨਾਲ ਸ਼ੁਰੂ ਹੁੰਦਾ ਹੈ। ਫਿਰ ਸੂਬੇ ਵਿੱਚੋਂ ਜਿਸ ਉਮੀਦਵਾਰ ਦਾ ਨਾਂਅ A ਨਾਲ ਸ਼ੁਰੂ ਹੁੰਦਾ ਹੈ ਉਸ ਨੂੰ ਸਹੁੰ ਚੁੱਕਣ ਲਈ ਸੱਦਿਆ ਜਾਂਦਾ ਹੈ। ਮੰਗਲਵਾਰ ਨੂੰ ਜਦੋਂ ਪ੍ਰੋਟਮ ਸਪੀਕਰ ਨੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਨਾਂਅ ਅੰਮ੍ਰਿਤਪਾਲ ਦਾ ਆਇਆ. ਅੰਮ੍ਰਿਤਪਾਲ ਦਾ ਨਾਂ ‘A’ ਨਾਲ ਸ਼ੁਰੂ ਹੁੰਦਾ ਹੈ। ਇਸੇ ਲਈ ਅੰਮ੍ਰਿਤਪਾਲ ਸਿੰਘ ਦਾ ਨਾਂਅ ਸਭ ਤੋਂ ਪਹਿਲਾਂ ਲਿਆ ਗਿਆ। ਅੰਮ੍ਰਿਤਪਾਲ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਨਾਂ ਲਿਆ ਗਿਆ। ਅਜਿਹਾ ਇਸ ਲਈ ਕਿਉਂਕਿ ਅੰਮ੍ਰਿਤਪਾਲ ਦੇ 'A' ਤੋਂ ਬਾਅਦ ਚਰਨਜੀਤ ਦਾ 'C' ਆਉਂਦਾ ਹੈ।