Amritpal Singh Arrest Operation : ਖਾਲਿਸਤਾਨ ਸਮਰਥਕ ਅਤੇ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਇੱਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਉਹ ਆਪਣਾ ਰੂਪ ਬਦਲ ਕੇ ਭੱਜ ਰਿਹਾ ਹੈ। ਮਰਸਡੀਜ਼ ਅਤੇ ਬ੍ਰੇਜ਼ਾ ਕਾਰ ਤੋਂ ਬਾਅਦ ਹੁਣ ਉਹ ਬਾਈਕ 'ਤੇ ਨਜ਼ਰ ਆ ਰਹੇ ਹਨ, ਜਿਸ 'ਚ ਉਨ੍ਹਾਂ ਨੇ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਹੋਈ ਹੈ।


ਪੁਲਿਸ ਨੇ 18 ਮਾਰਚ ਨੂੰ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਲਗਾਤਾਰ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਹੁਣ ਤੱਕ ਵਾਰਿਸ ਪੰਜਾਬ ਦੇ ਨਾਲ ਜੁੜੇ 150 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਮੰਗਲਵਾਰ (21 ਮਾਰਚ) ਨੂੰ ਪੰਜਾਬ ਇੰਟੈਲੀਜੈਂਸ ਦੀ ਟੀਮ ਵੀ ਅੰਮ੍ਰਿਤਪਾਲ ਦੇ ਘਰ ਪਹੁੰਚੀ। ਅੰਮ੍ਰਿਤਪਾਲ ਖਿਲਾਫ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਨੇ ਐਤਵਾਰ ਅਤੇ ਸੋਮਵਾਰ ਨੂੰ ਪੁਲਿਸ ਕੋਲ ਆਤਮ ਸਮਰਪਣ ਕੀਤਾ ਸੀ।

ਇਸ ਤਰ੍ਹਾਂ ਫਰਾਰ ਹੋਇਆ ਅੰਮ੍ਰਿਤਪਾਲ ਸਿੰਘ 

ਹੁਣ ਤੱਕ ਦੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਸ਼ਨੀਵਾਰ (18 ਮਾਰਚ) ਨੂੰ ਇੱਕ ਮਰਸਡੀਜ਼ ਕਾਰ ਵਿੱਚ ਦੇਖਿਆ ਗਿਆ ਸੀ, ਜਿਸ ਨੂੰ ਉਹ ਸ਼ਾਹਕੋਟ ਵਿੱਚ ਸੜਕ ਕਿਨਾਰੇ ਛੱਡ ਕੇ ਫ਼ਰਾਰ ਹੋ ਗਿਆ ਸੀ। ਪੰਜਾਬ ਦੇ ਆਈਜੀਪੀ ਸੁਖਚੈਨ ਸਿੰਘ ਅਨੁਸਾਰ ਅੰਮ੍ਰਿਤਪਾਲ ਸਿੰਘ ਨੇ ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰੇ ਵਿੱਚ ਕੱਪੜੇ ਬਦਲੇ ਅਤੇ ਉਥੋਂ ਉਹ ਮੋਟਰਸਾਈਕਲ ’ਤੇ ਚਲਾ ਗਿਆ।

ਇੱਕ ਕਲਿੱਪ ਵਿੱਚ ਉਹ ਕਾਰ ਵਿੱਚੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ ,ਜਿੱਥੇ ਦੋ ਬਾਈਕ ਵਾਲੇ ਤਿੰਨ ਵਿਅਕਤੀ ਉਸਦੀ ਮਦਦ ਲਈ ਮੌਜੂਦ ਸਨ। ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਅੰਮ੍ਰਿਤਪਾਲ ਨੇ ਫਰਾਰ ਹੋਣ ਦੌਰਾਨ ਕਈ ਵਾਰ ਆਪਣਾ ਲੁੱਕ ਬਦਲਿਆ ਸੀ। ਪੁਲੀਸ ਅਨੁਸਾਰ ਅੰਮ੍ਰਿਤਪਾਲ ਵੱਲੋਂ ਵਰਤੀ ਗਈ ਬਰੇਜ਼ਾ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਉਸ ਨੂੰ ਭਜਾਉਣ ਵਿੱਚ ਮਦਦ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮਨਪ੍ਰੀਤ ਮੰਨਾ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਬੇਜ ਸਿੰਘ ਸ਼ਾਮਲ ਹਨ। ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅੰਮ੍ਰਿਤਪਾਲ ਸਿੰਘ ਨੂੰ ਫੜਨ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਉਸ ਦੀ ਪਛਾਣ ਕਰ ਸਕਣ। ਉਨ੍ਹਾਂ ਦੱਸਿਆ ਕਿ ਹੁਣ ਤੱਕ 154 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਪੁਲੀਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਰਪੰਚ ਮਨਪ੍ਰੀਤ ਨੂੰ ਬੰਦੂਕ ਦੀ ਨੋਕ ’ਤੇ ਰੱਖ ਕੇ ਪਨਾਹ ਲਈ ਗਈ ਸੀ। ਉਨ੍ਹਾਂ ਕਿਹਾ ਕਿ ਅਜੇ ਤੱਕ ਐਨਆਈਏ ਪੰਜਾਬ ਪੁਲੀਸ ਨਾਲ ਇਸ ਜਾਂਚ ਵਿੱਚ ਸ਼ਾਮਲ ਨਹੀਂ ਹੋਈ ਹੈ।

ਪਿੰਡ ਦੇ ਇੱਕ ਚਸ਼ਮਦੀਦ ਨੇ ਅੰਮ੍ਰਿਤਪਾਲ ਬਾਰੇ ਦਿੱਤੀ ਇਹ ਜਾਣਕਾਰੀ  

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਜਲੰਧਰ ਵਿੱਚ ਇੱਕ ਸਥਾਨਕ ਚਸ਼ਮਦੀਦ ਨੇ ਕਿਹਾ, "ਸਾਨੂੰ ਅੱਜ ਸਵੇਰੇ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ 18 ਮਾਰਚ ਨੂੰ ਇਸ ਪਿੰਡ ਵਿੱਚ ਸੀ ਜਦੋਂ ਪੁਲਿਸ ਆਈ। ਉਸ ਨੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਕੱਪੜੇ ਬਦਲੇ, ਖਾਣਾ ਖਾਧਾ ਅਤੇ ਆਪਣੇ ਮੋਟਰਸਾਈਕਲ 'ਤੇ ਚਲਾ ਗਿਆ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਾਬਾ ਜੀ ਨੇ ਕਬੂਲ ਕੀਤਾ ਹੈ ਕਿ ਅੰਮ੍ਰਿਤਪਾਲ ਇੱਥੇ ਆਇਆ ਸੀ।


ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਜਲੰਧਰ ਦੇ ਦਿਹਾਤੀ ਖੇਤਰ ਦੇ ਲੋਕਾਂ ਤੋਂ ਮਿਲੀ ਸੀਸੀਟੀਵੀ ਫੁਟੇਜ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।