ਗਗਨਦੀਪ ਸ਼ਰਮਾ


ਅੰਮ੍ਰਿਤਸਰ: ਦੇਸ਼ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜਾਂ ਦਾ ਇਲਾਜ ਕਰਨ ਲਈ ਜਿੱਥੇ ਡਾਕਟਰ ਦਿਨ-ਰਾਤ ਲੱਗੇ ਹੋਏ ਹਨ, ਉੱਥੇ ਹੀ ਸਰਕਾਰਾਂ ਵੱਲੋਂ ਮਰੀਜਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਨੂੰ ਭੇਜੇ ਜਾਣ ਵਾਲੇ ਡਾਕਟਰੀ ਸੰਦ (equipments) ਹੀ ਖਰਾਬ ਨਿਕਲ ਰਹੇ ਹਨ। ਇਸ ਤੋਂ ਸਰਕਾਰ ਦੀ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਗੰਭੀਰਤਾ ਦੀ ਪੋਲ ਖੁੱਲ੍ਹਦੀ ਹੈ।


ਇਸ ਦੀ ਤਾਜਾ ਮਿਸਾਲ ਹਾਲ ਹੀ 'ਚ ਪੀਐਮ ਕੇਅਰ ਫੰਡ ਤਹਿਤ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਨੂੰ ਭੇਜੇ ਵੈਂਟੀਲੇਟਰਾਂ ਤੋਂ ਮਿਲਦੀ ਹੈ। ਇਨ੍ਹਾਂ 'ਚੋਂ 70 ਤੋਂ 80 ਫੀਸਦੀ ਵੈਂਟੀਲੇਟਰ ਖਰਾਬ ਹਨ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਕੋਰੋਨਾ ਨਾਲ ਪੀੜਤ ਮਰੀਜਾਂ ਦਾ ਇਲਾਜ ਪੂਰੇ ਪੰਜਾਬ 'ਚ ਇੱਥੇ ਹੋ ਰਿਹਾ ਹੈ। ਅੰਮ੍ਰਿਤਸਰ ਤੋਂ ਇਲਾਵਾ ਪੰਜ ਹੋਰ ਜ਼ਿਲਿਆਂ ਦੇ ਗੰਭੀਰ ਮਰੀਜ ਇੱਥੇ ਰੈਫਰ ਕੀਤੇ ਜਾਂਦੇ ਹਨ।


ਪੀਐਮ ਕੇਅਰ ਫੰਡ ਤਹਿਤ ਸਰਕਾਰ ਵੱਲੋਂ ਤਿੰਨ ਕਿਸ਼ਤਾਂ 'ਚ (59, 10 ਤੇ 50) ਕੁੱਲ 119 ਵੈਂਟੀਲੇਟਰ ਭੇਜੇ ਗਏ ਸਨ। ਪਹਿਲੀ ਕਿਸ਼ਤ 'ਚ ਮਿਲੇ 59 ਵੈਂਟੀਲੇਟਰਾਂ 'ਚੋਂ 47 ਵੈਂਟੀਲੇਟਰ ਹੀ ਖਰਾਬ ਨਿਕਲੇ। ਦੂਜੀ ਕਿਸ਼ਤ 'ਚ ਆਏ 10 ਵੈਂਟੀਲੇਟਰਾਂ 'ਚੋਂ ਅੱਠ ਖਰਾਬ ਨਿਕਲੇ। ਆਖਰੀ ਤੇ ਹਾਲ ਹੀ ਕਿਸ਼ਤ 'ਚ ਮਿਲੇ 50 'ਚੋਂ ਵੀ 30 ਚਲਾਏ ਗਏ ਪਰ ਉਨਾਂ 'ਚੋਂ ਵੀ ਬਹੁਤੇ ਕੰਮ ਨਹੀਂ ਕਰ ਰਹੇ।


ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਨਿਸ਼ਚੇਤਨਾ ਵਿਭਾਗ ਦੇ ਮੁਖੀ (HOD) ਡਾ. ਵੀਨਾ ਚਤਰਥ ਨੇ ਏਬੀਪੀ ਸਾਂਝਾ ਨੂੰ ਉਕਤ ਵੈਂਟੀਲੇਟਰਾਂ ਦੇ ਖਰਾਬ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਬਾਬਤ ਕਈ ਵਾਰ ਸਰਕਾਰ ਤੇ ਸਬੰਧਤ ਕੰਪਨੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ ਪਰ ਕੋਈ ਜਵਾਬ ਨਹੀਂ ਮਿਲਿਆ। ਸਗੋਂ ਸਾਡੇ ਵੱਲੋਂ ਵੈਂਟੀਲੇਟਰਾਂ ਦੀ ਰੈਗੂਲਰ ਸਰਵਿਸ ਲਈ ਪੱਕੇ ਤੌਰ 'ਤੇ ਇੰਜਨੀਅਰ ਤਾਇਨਾਤ ਕਰਨ ਦੀ ਮੰਗ 'ਤੇ ਨਾ ਤਾਂ ਸਰਕਾਰ ਨੇ ਧਿਆਨ ਦਿੱਤਾ ਤੇ ਨਾ ਹੀ ਕੰਪਨੀ ਨੇ।


ਵਿਭਾਗ ਦੇ ਪ੍ਰੋਫੈਸਰ ਡਾ. ਜੇਪੀ ਅੱਤਰੀ ਨੇ ਦੱਸਿਆ ਕਿ ਫਿਲਹਾਲ 40 ਵੈਂਟੀਲੇਟਰ ਕਰੋਨਾ ਵਾਰਡ 'ਚ ਕੰਮ ਕਰ ਰਹੇ ਹਨ ਤੇ ਬਾਕੀਆਂ ਦਾ ਹੋਰ ਤਰੀਕਿਆਂ ਨਾਲ ਇਲਾਜ ਚੱਲ ਰਿਹਾ ਹੈ। ਜੇਕਰ ਹੋਰ ਗੰਭੀਰ ਮਰੀਜਾਂ ਦੀ ਗਿਣਤੀ 'ਚ ਵਾਧਾ ਹੁੰਦਾ ਤਾਂ ਉਹ ਉਸ ਨਾਲ ਚਿੰਤਾ ਵਧੇਗੀ ਤੇ ਇਹ ਸਾਰਾ ਮਾਮਲਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਧਿਆਨ 'ਚ ਹੈ।