ਅੰਮ੍ਰਿਤਸਰ: ਸੋਨਾ ਸਮੱਗਲਰ ਵਿਦੇਸ਼ਾਂ ‘ਚੋਂ ਭਾਰਤ ਸੋਨਾ ਲੈ ਕੇ ਆਉਣ ਲਈ ਹਰ ਤਰ੍ਹਾਂ ਦਾ ਹੱਥਕੰਡਾ ਅਪਣਾਉਂਦੇ ਹਨ ਪਰ ਕਸਟਮ ਵਿਭਾਗ ਦੀ ਟੀਮ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੰਦੀ। ਹੁਣ ਤੱਕ ਅਜਿਹੇ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸ ਵਾਰ ਵੀ ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ।



ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਅੰਮ੍ਰਿਤਸਰ ਜ਼ਿਲੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 1.24 ਕਿਲੋ ਸੋਨਾ ਜ਼ਬਤ ਕੀਤਾ ਹੈ। ਇਹ ਸੋਨਾ ਦੁਬਈ ਤੋਂ ਆਏ ਇਕ ਯਾਤਰੀ ਤੋਂ ਮਿਲਿਆ। ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਯਾਤਰੀ ਨੇ ਸੋਨੇ ਦੀ ਚੇਨ ਆਪਣੇ ਅੰਡਰਵੀਅਰ ਵਿੱਚ ਲੁਕੋ ਕੇ ਰੱਖੀ ਹੋਈ ਸੀ ਪਰ ਉਹ ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਫੜਿਆ ਗਿਆ।

ਦਰਅਸਲ 'ਚ ਦੁਬਈ ਤੋਂ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੇ IX-192 ਵਿੱਚ ਸਵਾਰ ਇੱਕ ਯਾਤਰੀ ਨੂੰ ਹਵਾਈ ਅੱਡੇ 'ਤੇ ਚੈਕਿੰਗ ਲਈ ਰੋਕਿਆ ਗਿਆ ਸੀ। ਜਿਵੇਂ ਹੀ ਯਾਤਰੀ ਸੁਰੱਖਿਆ ਜਾਂਚ ਲਈ ਬਣੇ ਗ੍ਰੀਨ ਚੈਨਲ ਤੋਂ ਲੰਘਣ ਲੱਗਾ ਤਾਂ ਕਸਟਮ ਵਿਭਾਗ ਦੀ ਟੀਮ ਨੇ ਉਸਨੂੰ ਫੜ ਲਿਆ ਹੈ। ਤਲਾਸ਼ੀ ਲੈਣ 'ਤੇ ਉਸ ਦੇ ਅੰਡਰਵੀਅਰ 'ਚੋਂ ਤਿੰਨ ਪਾਰਦਰਸ਼ੀ ਪਾਊਚ ਮਿਲੇ, ਜਿਨ੍ਹਾਂ 'ਚ ਸੋਨੇ ਦੀਆਂ ਚੇਨਾਂ ਸਨ।

ਸ਼ੁੱਧ ਸੋਨੇ ਦੀਆਂ ਇਨ੍ਹਾਂ ਚੇਨਾਂ ਦਾ ਵਜ਼ਨ 1.24 ਕਿਲੋ ਨਿਕਲਿਆ। ਇੰਨੇ ਸੋਨੇ ਦੀ ਅੰਤਰਰਾਸ਼ਟਰੀ ਕੀਮਤ 65.16 ਲੱਖ ਰੁਪਏ ਦੱਸੀ ਗਈ ਹੈ। ਜਾਂਚ ਲਈ ਸੋਨਾ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਕਸਟਮ ਵਿਭਾਗ ਯਾਤਰੀ ਤੋਂ ਲਗਾਤਾਰ ਪੁੱਛਗਿੱਛ ਕਰ ਰਿਹਾ ਹੈ ਕਿ ਉਹ ਇੰਨਾ ਸੋਨਾ ਕਿਉਂ ਅਤੇ ਕਿੱਥੋਂ ਲਿਆਇਆ। ਦੱਸ ਦੇਈਏ ਕਿ ਭਾਰਤ ‘ਚ ਸੋਨਾ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਦਾ ਤਰੀਕਾ ਕਸਟਮ ਵਿਭਾਗ ਦੀ ਟੀਮ ਨੇ ਫੇਲ ਕਰ ਦਿੱਤਾ ਹੈ।


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।