ਅੰਮ੍ਰਿਤਸਰ: ਅੰਮ੍ਰਿਤਸਰ ਨਗਰ ਨਿਗਮ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੀ 26 ਸਾਲ ਦੀ ਪਰਵਾਸੀ ਮਹਿਲਾ ਪਿੰਕੀ ਨੇ ਕਾਂਗਰਸ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਸ਼ਿਕਸਤ ਦਿੱਤੀ ਹੈ। ਹੁਣ ਜਿੱਤ ਤੋਂ ਬਾਅਦ ਪਿੰਕੀ ਚਰਚਾ ਵਿੱਚ ਹੈ।
26 ਸਾਲ ਦੀ ਪਿੰਕੀ ਦਾ 6 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਆ ਗਈ। ਪਿੰਕੀ 5 ਜਮਾਤਾਂ ਪਾਸ ਹੈ ਤੇ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਪਿੰਡ ਦੀ ਜੰਮਪਲ ਹੈ। ਪਿੰਕੀ ਦਾ ਸਹੁਰਾ ਰਾਮਬਲੀ 13 ਸਾਲ ਦੀ ਉਮਰ ਵਿੱਚ ਅੰਮ੍ਰਿਤਸਰ ਆ ਗਿਆ ਸੀ ਤੇ ਮਿਹਨਤ ਮਜ਼ਦੂਰੀ ਕਰਦਾ ਸੀ। ਇਸ ਤੋਂ ਬਾਅਦ ਉਹ ਪਰਵਾਸੀ ਮਜ਼ਦੂਰਾਂ ਦਾ ਨੇਤਾ ਬਣਿਆ ਤੇ ਸਿਆਸਤ ਵਿੱਚ ਪੈਰ ਰੱਖਣ ਲੱਗਾ।
ਰਾਮਬਲੀ ਪਹਿਲਾਂ ਕਾਂਗਰਸ ਪਾਰਟੀ ਦਾ ਸਮਰਥਕ ਸੀ ਤੇ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਜੁੜਿਆ ਹੋਇਆ ਸੀ। ਭਾਜਪਾ ਵੱਲੋਂ ਉਸ ਨੂੰ ਟਿਕਟ ਤੋਂ ਨਾਂਹ ਕਰਨ ਤੋਂ ਬਾਅਦ ਉਸ ਨੇ ਆਪਣੀ ਨੂੰਹ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ। ਜਿੱਤ ਹਾਸਲ ਕਰਨ ਤੋਂ ਬਾਅਦ ਆਪਣੇ ਵਿਰੋਧੀਆਂ ਤੇ ਟਿਕਟ ਨਾ ਦੇਣ ਵਾਲੇ ਲੀਡਰਾਂ ਨੂੰ ਕਰਾਰਾ ਜਵਾਬ ਵੀ ਦਿੱਤਾ। ਪਿੰਕੀ ਦੀ ਜਿੱਤ ਤੋਂ ਬਾਅਦ ਅੰਮ੍ਰਿਤਸਰ ਵਿੱਚ ਰਹਿੰਦੇ ਸਾਰੇ ਪਰਵਾਸੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।