ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਸਰਹੱਦ ਤੋਂ ਡ੍ਰੋਨ ਨਾਲ ਹਥਿਆਰਾਂ ਤੇ ਡਰੱਗਸ ਦੀ ਸਪਲਾਈ ਲਗਾਤਾਰ ਜਾਰੀ ਹੈ। ਹਫਤੇ ਦੇ ਅੰਦਰ-ਅੰਦਰ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਚੌਥਾ ਡ੍ਰੋਨ ਡੇਗਿਆ ਹੈ। ਬੀਐਸਐਫ ਨੇ ਸੋਮਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਪਾਕਿਸਤਾਨੀ ਪਾਸਿਓਂ ਆ ਰਹੇ ਇੱਕ ਡ੍ਰੋਨ ਨੂੰ ਡੇਗ ਦਿੱਤਾ। ਇਹ ਡ੍ਰੋਨ ਹੈਰੋਇਨ ਲੈ ਕੇ ਜਾ ਰਿਹਾ ਸੀ। ਬੀਐਸਐਫ ਨੇ ਕਿਹਾ ਕਿ ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਡ੍ਰੋਨ ਤੋਂ ਹੈਰੋਇਨ ਦੇ 9 ਪੈਕੇਟ ਬਰਾਮਦ ਕੀਤੇ ਹਨ।






ਬੀਐਸਐਫ ਨੇ ਟਵੀਟ ਕਰਕੇ ਕਿਹਾ ਹੈ ਕਿ ਫਰੰਟੀਅਰ #BSF ਜਵਾਨਾਂ ਨੇ ਪਾਕਿ ਡ੍ਰੋਨ ਰਾਹੀਂ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਚੌਕਸ ਬੀਐਸਐਫ ਦੇ ਜਵਾਨਾਂ ਨੇ ਪਾਕਿ ਤੋਂ ਆ ਰਹੇ ਡ੍ਰੋਨ 'ਤੇ ਗੋਲੀਬਾਰੀ ਕੀਤੀ ਤੇ ਇਸ ਨੂੰ ਹੇਠਾਂ ਉੱਤਾਰ ਦਿੱਤਾ। ਇੱਕ ਬੈਗ ਵਿੱਚ ਹੈਰੋਇਨ (10.670 ਕਿਲੋਗ੍ਰਾਮ) ਦੇ ਸ਼ੱਕੀ 9 ਪੈਕੇਟ ਲੈ ਕੇ ਜਾ ਰਹੇ ਡ੍ਰੋਨ ਨੂੰ ਵੀ ਬਰਾਮਦ ਕੀਤਾ ਗਿਆ।


ਦੱਸ ਦਈਏ ਕਿ ਐਤਵਾਰ ਨੂੰ ਪੰਜਾਬ ਪੁਲਿਸ ਨੇ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਤੋਂ ਦੋ ਵਿਅਕਤੀਆਂ ਨੂੰ ਡੇਢ ਕਿਲੋ ਆਰਡੀਐਕਸ ਤੇ ਢਾਈ ਕਿਲੋ ਆਈਈਡੀ ਸਣੇ ਕਾਬੂ ਕੀਤਾ ਸੀ। ਪੁਲਿਸ ਨੇ ਇੰਨੀ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਕਰਕੇ ਸਰਹੱਦੀ ਰਾਜ ਵਿੱਚ ਸੰਭਾਵੀ ਦਹਿਸ਼ਤੀ ਹਮਲਾ ਨਾਕਾਮ ਕਰਨ ਦਾ ਦਾਅਵਾ ਕੀਤਾ ਸੀ। ਪਿਛਲੇ ਸਮੇਂ ਤੋਂ ਡਰੱਗਸ ਤੇ ਹਥਿਆਰ ਡ੍ਰੋਨਾਂ ਰਾਹੀਂ ਭਾਰਤ ਭੇਜੇ ਜਾ ਰਹੇ ਹਨ।