ਅੰਮ੍ਰਿਤਸਰ : ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਦਵਾਰਕਾ (ਗੁਜਰਾਤ) ਬੰਦਰਗਾਹ 'ਤੇ ਇੱਕ ਮਛੇਰੇ ਨੂੰ ਭੇਜੀ ਗਈ 126 ਕਿਲੋ ਹੈਰੋਇਨ ਦੀ ਖੇਪ ਦੇ ਹਿੱਸੇ ਸਮੇਤ ਇੱਕ ਅੰਤਰਰਾਸ਼ਟਰੀ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 4 ਲੱਖ 93 ਹਜ਼ਾਰ ਰੁਪਏ ਦੀ ਡਰੱਗ ਮਨੀ ਦੇ ਨਾਲ-ਨਾਲ ਇੱਕ ਕਾਰ ਅਤੇ ਦੋ ਮੋਬਾਈਲ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

 

ਦੇਹਾਤ ਐਸਐਸਪੀ ਸਵਪਨ ਸ਼ਰਮਾ ਅਤੇ ਐਸਪੀ ਜੁਗਰਾਜ ਸਿੰਘ ਨੇ ਵੀਰਵਾਰ ਨੂੰ ਪੁਲੀਸ ਲਾਈਨ ਡਬੁਰਜੀ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਹੈਰੋਇਨ ਸਮੇਤ ਫੜੇ ਗਏ ਨੌਜਵਾਨ ਦੀ ਪਛਾਣ ਤਰਨਤਾਰਨ ਦੀ ਪੱਟੀ ਤਹਿਸੀਲ ਦੇ ਰਹਿਣ ਵਾਲੇ ਗੁਰਜੰਟ ਸਿੰਘ ਵਜੋਂ ਦੱਸੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਖ਼ਬਰ ਦੀ ਸੂਚਨਾ 'ਤੇ ਇਹ ਕਾਰਵਾਈ ਕੀਤੀ ਗਈ। 


ਸਪੈਸ਼ਲ ਯੂਨਿਟ ਨੇ ਮੁਲਜ਼ਮ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਸਵਿਫ਼ਟ ਕਾਰ ਵਿੱਚ ਹੈਰੋਇਨ ਦੀ ਡਿਲਿਵਰੀ ਕਰਨ ਜਾ ਰਿਹਾ ਸੀ। ਜਦੋਂ ਪੁਲੀਸ ਨੇ ਮੁਲਜ਼ਮਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਦੋ ਕਿਲੋ ਹੈਰੋਇਨ, 4 ਲੱਖ 93 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਦੋ ਮੋਬਾਈਲ ਫੋਨ ਬਰਾਮਦ ਹੋਏ। ਮਾਮਲੇ ਦੇ ਜਾਂਚ ਅਧਿਕਾਰੀ ਅਜੈਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਜੰਟ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।


ਐਸਐਸਪੀ ਸਵਪਨ ਸ਼ਰਮਾ ਅਤੇ ਐਸਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਬਰਾਮਦ ਹੋਏ ਮੋਬਾਈਲ ਦੇ ਅੰਦਰ ਮੌਜੂਦ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਹੋਰ ਸਾਥੀ ਸਮੱਗਲਰਾਂ ਨੂੰ ਵੀ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਦੋ ਕਿਲੋ ਹੈਰੋਇਨ 126 ਕਿਲੋ ਹੈਰੋਇਨ ਦੀ ਖੇਪ ਦਾ ਹਿੱਸਾ ਹੈ। ਇਹ ਖੇਪ ਪਾਕਿਸਤਾਨ ਦੇ ਇਕ ਨਸ਼ਾ ਤਸਕਰ ਨੇ ਦਵਾਰਕਾ (ਗੁਜਰਾਤ) ਬੰਦਰਗਾਹ 'ਤੇ ਇਕ ਮਛੇਰੇ ਨੂੰ ਭੇਜੀ ਸੀ। ਹਾਲਾਂਕਿ, ਗੁਜਰਾਤ ਪੁਲਿਸ ਦੀ ਐਸਟੀਐਫ ਨੇ ਉਸ ਨੂੰ ਅਹਿਮਦਾਬਾਦ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।