ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਿੱਖਿਆ ਸੁਧਾਰ ਲਈ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਹੁਣ ਪੰਜਾਬ ਦੇ ਸਰਕਾਰੀ ਸਕੂਲਾਂ 'ਚ ‘ਡਬਲ ਸ਼ਿਫ਼ਟ’ 'ਚ ਪੜ੍ਹਾਈ ਕਰਵਾਈ ਜਾਵੇਗੀ। ਇਸ ਬਾਰੇ ਸਿੱਖਿਆ ਵਿਭਾਗ ਨੇ ਪੂਰੀ ਪਲਾਨਿੰਗ ਕਰ ਲਈ ਹੈ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਵੇਗੀ ਤੇ ਸਕੂਲ ਵਿੱਚ ਜਗ੍ਹਾ, ਕਮਰਿਆਂ ਤੇ ਹੋਰ ਬੁਨਿਆਦੀ ਢਾਂਚੇ ਦੀ ਕਮੀ ਹੋਵੇਗੀ, ਉਨ੍ਹਾਂ ਸਕੂਲਾਂ ਨੂੰ ਹੀ ‘ਡਬਲ ਸ਼ਿਫ਼ਟ’ ਵਿੱਚ ਚਲਾਉਣ ਦਾ ਮਾਮਲਾ ਵਿਚਾਰਿਆ ਜਾਵੇਗਾ।


ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ‘ਡਬਲ ਸ਼ਿਫ਼ਟ’ ਵਿੱਚ ਚਲਾਉਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਵਿਭਾਗ ਨੇ ਇਸ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤੇ ਸ਼ਡਿਊਲ ਵੀ ਜਾਰੀ ਕੀਤਾ ਹੈ। ਪੱਤਰ ਅਨੁਸਾਰ ਕਈ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਪਰ ਬੁਨਿਆਦੀ ਢਾਂਚੇ ਦੀ ਕਮੀ ਹੈ, ਉਨ੍ਹਾਂ ਸਕੂਲਾਂ ਲਈ ਇਹ ਤੋੜ ਕੱਢਿਆ ਗਿਆ ਹੈ।

ਸਿੱਖਿਆ ਵਿਭਾਗ ਦੀ ਪਲਾਨਿੰਗ ਮੁਤਾਬਕ ਜਿੱਥੇ ਕਿਤੇ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲ ਇੱਕੋ ਕੈਂਪਸ ਵਿੱਚ ਚੱਲ ਰਹੇ ਹਨ, ਉਨ੍ਹਾਂ ਦੋਵਾਂ ਸਕੂਲਾਂ ਦੇ ਮੁਖੀਆਂ ਦੀ ਆਪਸੀ ਸਹਿਮਤੀ ਮਗਰੋਂ ਹੀ ਡਬਲ ਸ਼ਿਫ਼ਟ ਬਾਰੇ ਫ਼ੈਸਲਾ ਲਿਆ ਜਾਵੇਗਾ। ਵਿਦਿਆਰਥੀਆਂ ਦੀ ਵੱਧ ਗਿਣਤੀ ਵਾਲੇ ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਡਬਲ ਸ਼ਿਫ਼ਟ ਚਲਾਉਣ ਬਾਰੇ ਫ਼ੈਸਲੇ ਸਕੂਲ ਮੁਖੀਆਂ ਦੀ ਤਜਵੀਜ਼ ਮਗਰੋਂ ਹੀ ਲਿਆ ਜਾਵੇਗਾ। ਜਿੱਥੇ ਕਿਤੇ ਡਬਲ ਸ਼ਿਫ਼ਟ ਚਲਾਉਣ ਦਾ ਫ਼ੈਸਲਾ ਹੋਵੇਗਾ, ਉੱਥੇ ਇਹ ਤਰਤੀਬ ਰਹੇਗੀ ਕਿ ਪ੍ਰਾਇਮਰੀ ਸਕੂਲਾਂ ਲਈ ਗਰਮੀਆਂ ਵਿੱਚ 1 ਅਪਰੈਲ ਤੋਂ 30 ਸਤੰਬਰ ਤੱਕ ਸਵੇਰ ਦੀ ਸ਼ਿਫ਼ਟ ਸਕੂਲ ਲੱਗਣਗੇ ਤੇ ਸਰਦੀਆਂ ਵਿੱਚ 1 ਅਕਤੂਬਰ ਤੋਂ 31 ਮਾਰਚ ਤੱਕ ਸ਼ਾਮ ਦੀ ਸ਼ਿਫ਼ਟ ਵਿੱਚ ਸਕੂਲ ਲੱਗਣਗੇ।

ਇਸੇ ਤਰ੍ਹਾਂ ਅੱਪਰ ਪ੍ਰਾਇਮਰੀ ਸਕੂਲ ਗਰਮੀਆਂ ਵਿੱਚ ਸ਼ਾਮ ਦੀ ਸ਼ਿਫ਼ਟ ਵਿੱਚ ਲੱਗਣਗੇ ਤੇ ਸਰਦੀਆਂ ਵਿੱਚ ਸਵੇਰ ਦੀ ਸ਼ਿਫ਼ਟ ਵਿੱਚ ਲੱਗਣਗੇ। ਗਰਮੀਆਂ ਵਿੱਚ ਸਵੇਰ ਦੀ ਸ਼ਿਫ਼ਟ ਦਾ ਸਮਾਂ ਸਵੇਰ 7 ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਤੇ ਗਰਮੀਆਂ ਵਿੱਚ ਸ਼ਾਮ ਦੀ ਸ਼ਿਫ਼ਟ ਦੁਪਹਿਰ 12.30 ਤੋਂ 5.30 ਵਜੇ ਤੱਕ ਹੋਵੇਗੀ। ਸਰਦੀਆਂ ਵਿੱਚ ਸਵੇਰ ਦੀ ਸ਼ਿਫ਼ਟ ਦਾ ਸਮਾਂ 7.30 ਵਜੇ ਤੋਂ 12.15 ਵਜੇ ਤੱਕ ਤੇ ਸ਼ਾਮ ਦੀ ਸ਼ਿਫ਼ਟ ਦਾ ਸਮਾਂ 12.30 ਵਜੇ ਤੋਂ 5.15 ਵਜੇ ਤੱਕ ਹੋਵੇਗਾ। ਇਸ ਦੌਰਾਨ ਸਕੂਲ ਮੁਖੀ ਦੀ ਠਹਿਰ ਦਾ ਸਮਾਂ ਗਰਮੀਆਂ ਵਿੱਚ ਸਵੇਰ 7 ਵਜੇ ਤੋਂ ਇੱਕ ਵਜੇ ਤੱਕ ਹੋਵੇਗਾ ਤੇ ਸਰਦੀਆਂ ਵਿੱਚ 7.30 ਤੋਂ 1.30 ਵਜੇ ਤੱਕ ਹੋਵੇਗਾ।