ਸੁਲਤਾਨਪੁਰ ਲੋਧੀ: ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਵਈਂ ਕਿਨਾਰੇ ਸਥਿਤ ਨਿਰਮਲ ਕੁਟੀਆ ਵਿਖੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਖਾਸ ਤੌਰ ਪਾਰਲੀ ਨੂੰ ਅੱਗ ਨਾ ਲਾਉਣ ਦਾ ਸੰਦੇਸ਼ ਦਿੰਦਿਆਂ ਵਾਤਾਵਰਨ ਨੂੰ ਬਚਾਉਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਹਰ ਇੱਕ ਇਨਸਾਨ ਦਾ ਇਹ ਪਹਿਲਾ ਫਰਜ਼ ਹੈ ਕਿ ਉਹ ਵਾਤਾਵਰਨ ਪ੍ਰਤੀ ਸੱਚੀ ਨਿਸ਼ਠਾ ਦੇ ਨਾਲ ਕੰਮ ਕਰੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਦੂਸ਼ਿਤ ਹੋ ਰਹੇ ਵਾਤਾਵਰਨ ਤੋਂ ਸੁਰੱਖਿਅਤ ਕੀਤਾ ਜਾ ਸਕੇ।


ਇਸ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਅੱਜ ਦੇ ਇਸ ਵਿਜੈ ਦਸ਼ਮੀ ਦੇ ਮੌਕੇ ਪੂਰੇ ਦੇਸ਼ਵਾਸੀਆਂ ਨੂੰ ਜਿੱਥੇ ਵਧਾਈਆਂ ਦਿੱਤੀਆਂ, ਉੱਥੇ ਹੀ ਆਉਣ ਵਾਲੀ 8 ਤਰੀਕ ਨੂੰ ਸੁਲਤਾਨਪੁਰ ਲੋਧੀ ਦੀ ਇਤਿਹਾਸਿਕ ਨਗਰੀ ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਅਵਤਾਰ ਦਿਵਸ ਸਬੰਧੀ ਜਾਣਕਾਰੀ ਵੀ ਦਿੱਤੀ। 


Stubble burning: ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਬਾਰੇ ਭਗਵੰਤ ਮਾਨ ਸਰਕਾਰ ਦੇ ਰੁਖ ਤੋਂ ਖੁਸ਼ ਨਹੀਂ ਮੋਦੀ ਸਰਕਾਰ, ਢੁੱਕਵੀਂ ਯੋਜਨਾ ਨਾ ਬਣਾਉਣ ਦੇ ਲਾਏ ਦੋਸ਼



ਸੰਤ ਸੀਚੇਵਾਲ ਨੇ ਕਿਹਾ ਕਿ ਇਸ ਖਾਸ ਮੌਕੇ ਤੇ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਨਗਰੀ ਵਿਚ ਕੱਢਿਆ ਜਾਵੇਗਾ ਜੋ ਸੰਗਤਾਂ ਲਈ ਉਤਸ਼ਾਹ ਭਰਿਆ ਹੋਵੇਗਾ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਵੀ ਸ਼ਮੂਲੀਅਤ ਕਰਨਗੀਆਂ ਤੇ ਇਸ ਦੌਰਾਨ ਵਿਸ਼ਾਲ ਸਮਾਗਮ ਵੀ ਕਰਵਾਇਆ ਜਾਵੇਗਾ ਤੇ ਹਰ ਪਿੰਡ-ਪਿੰਡ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ। ਇਸ ਵਿੱਚ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਪ੍ਰਦੂਸ਼ਣ ਨਾ ਫੈਲਾਉਣ ਦਾ ਹੋਕਾ ਦਿੱਤਾ ਜਾਵੇਗਾ।


ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਨੂੰ ਟ੍ਰੀਟ ਕਰਕੇ ਖੇਤੀ ਵਿੱਚ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਨੂੰ ਸੰਭਾਲ ਕੇ ਅਸੀਂ ਸਵੱਛ ਭਾਰਤ ਦਾ ਸੁਪਨਾ ਜੋ ਬੁਣਿਆ ਹੈ, ਉਸ ਨੂੰ ਪੂਰਾ ਕਰ ਸਕੀਏ। ਉਨ੍ਹਾਂ ਕਿਹਾ ਜੇਕਰ ਹਵਾ ਪਾਣੀ ਸ਼ੁੱਧ ਹੋਣਗੇ ਤਾਂ ਹੀ ਸਾਡਾ ਭਵਿੱਖ ਬਚੇਗਾ। 13 ਤਰੀਕ ਨੂੰ ਹੋਣ ਵਾਲੇ ਵਾਤਾਵਰਣ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਸੰਤ ਸੀਚੇਵਾਲ ਨੇ ਕਿਹਾ ਇਸ ਸੈਮੀਨਾਰ ਦੌਰਾਨ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਸਮੇਤ ਹੋਰ ਕਈ ਹਸਤੀਆਂ ਵੀ ਆਉਣਗੀਆਂ ਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਹਰ ਇੱਕ ਇਨਸਾਨ ਨੂੰ ਜਾਗਰੂਕ ਕਰਨਗੀਆਂ।