ਚੰਡੀਗੜ੍ਹ: ਜੰਗਲਾਤ ਘੋਟਾਲੇ ਮਾਮਲੇ 'ਚ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਿਲਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਸੈਕਟਰ 37 ਤੋਂ ਦਿਲਜੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ।ਜਿਸ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।ਹੁਣ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। 


ਇਸ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਗ੍ਰਿਫ਼ਤਾਰੀ 'ਤੇ ਸਵਾਲ ਚੁੱਕੇ ਹਨ।ਵੜਿੰਗ ਨੇ ਕਿਹਾ, "ਪਿਆਰੇ ਭਗਵੰਤ ਮਾਨ ਸਹਿਬ, ਬਿਨਾਂ ਕਿਸੇ ਸਬੂਤ ਦੇ ਦਲਜੀਤ ਗਿਲਜੀਆਂ ਦੀ ਗ੍ਰਿਫਤਾਰੀ ਦੇ ਤੌਰ 'ਤੇ ਵਿਜੀਲੈਂਸ ਦੇ ਮਨਮਾਨੇ ਢੰਗ ਨਾਲ ਸਖ਼ਤ ਤਰੀਕਿਆਂ 'ਤੇ ਰੋਕ ਲਗਾਉਣ ਦੀ ਲੋੜ ਹੈ।ਕਿਸੇ ਦਾ ਰਿਸ਼ਤੇਦਾਰ ਹੋਣਾ ਕੋਈ ਜੁਰਮ ਨਹੀਂ ਹੈ। ਉਸਦੀ ਗ੍ਰਿਫ਼ਤਾਰੀ ਸੱਤਾ ਦੀ ਸ਼ਰੇਆਮ ਦੁਰਵਰਤੋਂ ਹੈ। ਇਹ ਨਿਆਂਇਕ ਜਾਂਚ ਦਾ ਸਾਹਮਣਾ ਨਹੀਂ ਕਰ ਪਾਏਗੀ। ਸਿਆਸੀ ਬਦਲਾਖੋਰੀ ਬੰਦ ਹੋਣੀ ਚਾਹੀਦੀ ਹੈ।"


ਦੱਸਿਆ ਜਾ ਰਿਹਾ ਹੈ ਕਿ ਗਿਲਜੀਆ ਖਿਲਾਫ ਦਰਜ ਜੰਗਲਾਤ ਘੋਟਾਲੇ ਦੇ ਮਾਮਲੇ  'ਚ ਹੀ ਇਹ ਕਾਰਵਾਈ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੋਹਾਲੀ  'ਚ ਜੰਗਲਾਤ ਮਹਿਕਮੇ 'ਚ ਘੁਟਾਲੇ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ  'ਚ ਹੁਣ ਦਿਲਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿੱਚ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਸੰਗਤ ਸਿੰਘ ਗਿਲਜੀਆਂ ਨੂੰ ਵੀ ਨਾਮਜ਼ਦ ਹੈ। ਧਰਮਸੋਤ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਮ ਸਾਹਮਣੇ ਆਉਣ ਤੋਂ ਬਾਅਦ ਹੀ ਉਹ ਅੰਡਰਗ੍ਰਾਊਂਡ ਹਨ ਤੇ ਪੁਲਿਸ ਵੱਲੋਂ ਭਾਲ ਜਾਰੀ ਹੈ। 


ਗਿਲਜੀਆਂ ਵੱਲੋਂ ਗ੍ਰਿਫਤਾਰੀ ਤੋਂ ਬਚਣ ਲਈ ਪਹਿਲਾਂ ਹੀ ਰਾਹਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਲਈ ਉਹਨਾਂ ਵੱਲੋਂ ਹਾਈ ਕੋਰਟ  'ਚ ਅਗਾਊਂ ਜ਼ਮਾਨਤ ਅਰਜ਼ੀ ਲਾਈ ਗਈ ਸੀ।   


ਦੱਸ ਦੇਈਏ ਕਿ ਧਰਮਸੋਤ ਜੰਗਲਾਤ ਮੰਤਰੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਲਿਆ ਹੈ। ਧਰਮਸੋਤ ਦੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਵੀ ਕਰੋੜਾਂ ਦੇ ਘੁਟਾਲੇ ਦੇ ਆਰੋਪ ਲੱਗੇ ਹਨ।


ਚੰਨੀ ਸਰਕਾਰ 'ਚ ਮੰਤਰੀ ਰਹਿ ਚੁੱਕੇ ਸੰਗਤ ਸਿੰਘ ਗਿਲਜੀਆਂ ਦੀ ਵੀ ਵਿਜੀਲੈਂਸ ਭਾਲ ਕਰ ਰਹੀ ਹੈ। ਉਨ੍ਹਾਂ 'ਤੇ ਵੀ ਕਰੀਬ ਸਵਾ 6 ਕਰੋੜ ਦੇ ਘਪਲੇ ਦੇ ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਓ. ਐੱਸ. ਡੀ. ਰਿਮਾਂਡ 'ਤੇ ਹੈ। ਸਾਧੂ ਸਿੰਘ ਧਰਮਸੋਤ ਨਾਲ ਕੈਦੀਆਂ ਵਾਲੀ ਵੈਨ ਵਿੱਚ ਉਨ੍ਹਾਂ ਦੇ ਓਐਸਡੀ ਚਮਕੌਰ ਸਿੰਘ ਵੀ ਨਾਲ ਸਨ। ਪਿਛਲੀ ਸੁਣਵਾਈ ਦੌਰਾਨ ਵੀ ਅਦਾਲਤ ਨੇ ਧਰਮਸੋਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ।