ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਦਿੱਲੀ ਦੇ ਸਫਦਰਜੰਗ ਹਸਪਤਾਲ (Safdarjung Hospital Delhi) ਵਿੱਚ ਇੱਕ ਗਰਭਵਤੀ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਤੋਂ ਬਾਅਦ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।


ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ, ਅਰਵਿੰਦ ਕੇਜਰੀਵਾਲ ਤੁਸੀਂ ਪੂਰੇ ਭਾਰਤ ਵਿੱਚ ਦਿੱਲੀ ਦੇ ਸਿਹਤ ਮਾਡਲ ਦੀ ਮਸ਼ਹੂਰੀ ਕਰ ਰਹੇ ਹੋ, ਜਦੋਂ ਕਿ ਸੱਚਾਈ ਇਹ ਹੈ ਕਿ ਔਰਤਾਂ ਉਚਿਤ ਹਾਜ਼ਰੀ ਦੀ ਘਾਟ ਕਾਰਨ ਆਪਣੇ ਬੱਚਿਆਂ ਨੂੰ ਹਸਪਤਾਲ ਦੇ ਬਾਹਰ ਜਨਮ ਦੇ ਰਹੀਆਂ ਹਨ। ਮੈਂ ਇਸ ਘਟਨਾ ਬਾਰੇ ਸਿਹਤ ਮੰਤਰਾਲੇ ਦੁਆਰਾ ਲਿਖਿਆ ਇੱਕ ਪੱਤਰ ਨੱਥੀ ਕਰ ਰਿਹਾ ਹਾਂ।


ਦੱਸਣਯੋਗ ਹੈ ਕਿ ਦਿੱਲੀ ਦੇ ਸਫਦਰਜੰਗ ਹਸਪਤਾਲ ਕੈਂਪਸ ਵਿੱਚ ਇੱਕ ਔਰਤ ਦੀ ਡਿਲੀਵਰੀ ਸਾੜੀ ਦੇ ਪਰਦੇ ਵਿੱਚ ਹੋਈ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਹ ਵੀਡੀਓ ਸੋਮਵਾਰ ਦੇਰ ਰਾਤ ਦਾ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਨੂੰ ਹਸਪਤਾਲ 'ਚ ਦਾਖਲ ਨਹੀਂ ਕਰਵਾਇਆ ਗਿਆ, ਜਿਸ ਕਾਰਨ ਔਰਤ ਦੀ ਮਜਬੂਰੀ 'ਚ ਸਾੜ੍ਹੀ ਓਹਲੇ ਡਿਲੀਵਰੀ ਕਰਵਾਈ ਗਈ। ਮਾਮਲਾ ਪੁਲਿਸ ਤੱਕ ਪਹੁੰਚ ਗਿਆ।

ਦੱਖਣੀ ਪੱਛਮੀ ਜ਼ਿਲ੍ਹੇ ਦੀ ਪੁਲਿਸ ਨੇ ਦੱਸਿਆ ਕਿ ਗਾਜ਼ੀਆਬਾਦ ਦੀ ਰਹਿਣ ਵਾਲੀ 30 ਸਾਲਾ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਡਿਲੀਵਰੀ ਲਈ ਸਫਦਰਜੰਗ ਹਸਪਤਾਲ ਗਈ ਸੀ ਪਰ ਹਸਪਤਾਲ ਨੇ ਉਸ ਨੂੰ ਦਾਖਲ ਨਹੀਂ ਕੀਤਾ। ਇਸ ਲਈ ਉਸ ਨੂੰ ਹਸਪਤਾਲ ਦੇ ਅਹਾਤੇ ਵਿੱਚ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ।

ਹਾਲਾਂਕਿ ਬਾਅਦ 'ਚ ਹਸਪਤਾਲ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ। ਸਫਦਰਜੰਗ ਹਸਪਤਾਲ ਦੀ ਮੀਡੀਆ ਬੁਲਾਰੇ ਪੂਨਮ ਢਾਂਡਾ ਨੇ ਦੱਸਿਆ ਕਿ ਹਸਪਤਾਲ ਨੇ ਔਰਤ ਦੀ ਜਾਂਚ ਕਰਨ ਤੋਂ ਇਨਕਾਰ ਨਹੀਂ ਕੀਤਾ, ਜਦੋਂ ਔਰਤ ਹਸਪਤਾਲ ਪਹੁੰਚੀ ਤਾਂ ਉੱਥੇ ਮੌਜੂਦ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ। ਡਾਕਟਰਾਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣ ਲਈ ਕਿਹਾ ਪਰ ਔਰਤ ਦਾਖ਼ਲਾ ਪੱਤਰ ਲੈ ਕੇ ਮੁੜ ਉਸ ਕੋਲ ਨਹੀਂ ਆਈ।



ਉਧਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਮਾਮਲੇ ਦੀ ਜਾਂਚ ਲਈ ਇੱਕ ਟੀਮ ਭੇਜੀ ਗਈ ਹੈ। ਟੀਮ ਨੇ ਹਸਪਤਾਲ ਦੇ ਅਹਾਤੇ ਵਿੱਚ ਬੱਚੇ ਨੂੰ ਜਨਮ ਦੇਣ ਵਾਲੀ ਗਰਭਵਤੀ ਔਰਤ ਦੀ ਜਾਂਚ ਕੀਤੀ। ਮੰਤਰਾਲੇ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਸ ਸਮੇਂ ਡਿਊਟੀ 'ਤੇ ਮੌਜੂਦ 5 ਡਾਕਟਰਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਫਿਲਹਾਲ ਨਵਜੰਮੀ ਬੱਚੀ ਤੇ ਔਰਤ ਦਾ ਸਫਦਰਜੰਗ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।