ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਮੁੱਖ ਮੰਤਰੀ ਦੇ ਅਹੁਦੇ ਲਈ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਉੱਪਰ ਦਾਅ ਨਹੀਂ ਖੇਡੇਗੀ। ਇਸ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਫ ਅਕਸ ਵਾਲੇ ਕਿਸੇ ਨਵੇਂ ਲੀਡਰ ਦੀ ਭਾਲ ਵਿੱਚ ਹਨ। ਹੁਣ ਚਰਚਾ ਛਿੜੀ ਹੈ ਕਿ ਪਾਰਟੀ ਦੁਬਈ ਦੇ ਕਾਰੋਬਾਰੀ ਡਾ. ਸੁਰਿੰਦਰ ਪਾਲ ਸਿੰਘ ਓਬਰਾਏ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਬਣਾਉਣਾ ਚਾਹੁੰਦੀ ਹੈ।

 

ਦਰਅਸਲ ਪਿਛਲੇ ਕਈ ਹਫਤਿਆਂ ਤੋਂ ਦੁਬਈ ਦੇ ਕਾਰੋਬਾਰੀ ਡਾ. ਸੁਰਿੰਦਰ ਪਾਲ ਸਿੰਘ ਓਬਰਾਏ ਨੂੰ ਕੁਝ ਅਜਿਹੇ ਸੁਨੇਹੇ ਭੇਜੇ ਜਾ ਰਹੇ ਹਨ ਕਿ ਉਹ ਖ਼ੁਦ ਨੂੰ "ਪੰਜਾਬ ਵਿੱਚ ‘ਆਪ’ ਲਈ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦੇਣ।" ਸੂਤਰਾਂ ਮੁਤਾਬਕ "ਦਿੱਲੀ ਦੇ ਵਿਧਾਇਕ ਰਾਘਵ ਚੱਢਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਰੀਬੀ ਹਨ, ਉਨ੍ਹਾਂ ਦੀ ਡਿਊਟੀ ਐਸਐਸ ਓਬਰਾਏ ਨੂੰ ਇਸ ਗੱਲ ਲਈ ਰਾਜ਼ੀ ਕਰਨ ਵਾਸਤੇ ਲਾਈ ਗਈ ਹੈ।

 

ਉਧਰ, ਮੀਡੀਆ ਰਿਪੋਰਟਾਂ ਮੁਤਾਬਕ ਐਸਐਸ ਓਬਰਾਏ ਨੇ ਅਜਿਹੀਆਂ ਪੇਸ਼ਕਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ,“ਹਾਂ, ਪਿਛਲੇ ਹਫਤੇ ਜਦੋਂ ਮੈਂ ਪੰਜਾਬ ਵਿੱਚ ਸੀ ਤਾਂ ਸੀਨੀਅਰ ਨੇਤਾਵਾਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਮੈਨੂੰ ਸੀਐਮ ਉਮੀਦਵਾਰ ਬਣਨ ਲਈ ਕਿਹਾ। ਹੁਣ ਜਦੋਂ ਮੈਂ ਦੁਬਈ ਵਿੱਚ ਹਾਂ ਉਹ ਹਾਲੇ ਵੀ ਮੇਰੇ ਤੱਕ ਪਹੁੰਚ ਕਰ ਰਹੇ ਹਨ। ‘ਆਪ’ ਨੂੰ ਛੱਡੋ, ਮੈਂ ਕਿਸੇ ਵੀ ਰਾਜਨੀਤਕ ਜਥੇਬੰਦੀ ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਨਹੀਂ ਰੱਖਦਾ। ਮੈਂ ਆਪਣੀ ਚੈਰੀਟੇਬਲ ਸੰਸਥਾ 'ਸਰਬੱਤ ਦਾ ਭਲਾ' ਰਾਹੀਂ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਨ ਵਿੱਚ ਵਧੇਰੇ ਦਿਲਚਸਪੀ ਰੱਖਦਾ ਹਾਂ। ਮੈਂ ਦਾਨ ਕਰਨਾ ਜਾਰੀ ਰੱਖਾਂਗਾ। ਮੈਨੂੰ ਕਿਸੇ ਵੀ ਰਾਜਨੀਤਕ ਨਾਂ ਵਿੱਚ ਬਿਲਕੁਲ ਦਿਲਚਸਪੀ ਨਹੀਂ।”

 

ਦਰਅਸਲ, ਬੀਤੇ ਜੂਨ ਮਹੀਨੇ ਅਰਵਿੰਦ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਵਿੱਚ ਐਲਾਨ ਕੀਤਾ ਗਿਆ ਸੀ ਕਿ “ਪਾਰਟੀ ਦਾ ਮੁੱਖ ਚਿਹਰਾ ਇੱਕ ਸਿੱਖ ਹੋਵੇਗਾ”, ਉਸ ਤੋਂ ਬਾਅਦ ਹੀ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ। ਮੰਨਿਆ ਜਾ ਰਿਹਾ ਕਿ ਭਗਵੰਤ ਮਾਨ ਵੀ ਇਸ ਗੱਲ਼ ਤੋਂ ਨਰਾਜ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਹੀਂ ਬਣਾਇਆ ਜਾ ਰਿਹਾ।

 

ਆਪਣੀ ਪਿਛਲੀ ਪੰਜਾਬ ਫੇਰੀ ਦੌਰਾਨ, ਐਸਐਸ ਓਬਰਾਏ ਨੇ ਪੰਜ ਆਕਸੀਜਨ ਪਲਾਂਟ ਸਥਾਪਤ ਕਰਵਾਏ ਸਨ। ਇਸ ਤੋਂ ਪਹਿਲਾਂ, ਕੋਵਿਡ ਦੇ ਦੋਵੇਂ ਪੜਾਵਾਂ ਦੌਰਾਨ, ਉਨ੍ਹਾਂ ਨੇ ਲੋਕਾਂ, ਪੰਜਾਬ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰੋੜਾਂ ਰੁਪਏ ਦੀਆਂ ਪੀਪੀਈ ਕਿੱਟਾਂ, ਸੈਨੇਟਾਈਜ਼ਰ ਤੇ ਮਾਸਕ ਦਾਨ ਕੀਤੇ ਸਨ। ਰਾਜ ਭਰ ਦੇ ਲੋੜਵੰਦਾਂ ਨੂੰ ਵੱਡੇ ਪੱਧਰ 'ਤੇ ਰਾਸ਼ਨ ਕਿੱਟਾਂ ਵੀ ਵੰਡੀਆਂ ਗਈਆਂ।

 

ਐਸਐਸ ਓਬਰਾਏ ਨੇ 2010 ਵਿੱਚ ਅੰਤਰਰਾਸ਼ਟਰੀ ਮੀਡੀਆ ’ਚ ਸੁਰਖੀਆਂ ਬਣ ਕੇ ਛਾ ਗਏ ਸਨ, ਜਦੋਂ ਉਨ੍ਹਾਂ ਸ਼ਾਰਜਾਹ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਦੀ ਹੱਤਿਆ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਫਾਂਸੀ ਦੀ ਸਜ਼ਾ ਝੱਲ ਰਹੇ 17 ਪੰਜਾਬੀ ਮੁੰਡਿਆਂ ਨੂੰ ਛੁਡਾਉਣ ਲਈ 14 ਲੱਖ ਡਾਲਰ ਦੀ ਰਕਮ ਦਾ ਭੁਗਤਾਨ ਕੀਤਾ ਸੀ।