ਕਪੂਰਥਲਾ: ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ 22 ਵਾਰਦਾਤਾਂ ਕਰ ਕੇ ਏ.ਟੀ.ਐਮ. ਵਿੱਚੋਂ 78 ਲੱਖ ਰੁਪਏ ਚੋਰੀ ਕਰਨ ਵਾਲੇ ਗਰੋਹ ਨੂੰ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਗਰੋਹ ਦੇ 5 ਮੈਂਬਰਾਂ ਨੂੰ 2 ਕਾਰਾਂ, 1 ਮੋਟਰਸਾਈਕਲ ਤੇ 5,000 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 2015 ਤੋਂ ਸਰਗਰਮ ਇਸ ਗਰੋਹ ਨੇ 13 ਅਕਤੂਬਰ, 2017 ਨੂੰ ਫਿਰੋਜ਼ਪੁਰ ਦੇ ਇੱਕ ਏ.ਟੀ.ਐਮ. ਤੋਂ 3 ਲੱਖ 77 ਹਜ਼ਾਰ ਰੁਪਏ ਲੁੱਟੇ ਸਨ। ਗੈਂਗ ਦੇ ਮੈਂਬਰ ਵਾਰਦਾਤ ਸਮੇਂ ਦੋ ਕਾਰਾਂ ਤੇ ਇੱਕ ਮੋਟਰਸਾਈਕਲ ਵਰਤਦੇ ਸਨ।

ਪਹਿਲਾਂ ਉਹ ਏ.ਟੀ.ਐਮ. ਦਾ ਜਾਇਜ਼ਾ ਲੈਂਦੇ, ਫਿਰ ਸਹੀ ਮੌਕਾ ਵੇਖ ਕੇ ਕਾਰ ਵਿੱਚ ਗੈਸ ਕਟਰ ਰੱਖ ਕੇ ਏ.ਟੀ.ਐਮ. ਤਕ ਪਹੁੰਚ ਜਾਂਦੇ ਤੇ ਸੀ.ਸੀ.ਟੀ.ਵੀ. ਕੈਮਰੇ 'ਤੇ ਕੁਝ ਛਿੜਕ ਦਿੰਦੇ ਤਾਂ ਜੋ ਉਨ੍ਹਾਂ ਦੀਆਂ ਤਸਵੀਰਾਂ ਪਛਾਣ ਵਿੱਚ ਨਾ ਆ ਸਕਣ। ਇਸ ਤੋਂ ਬਾਅਦ ਉਹ ਗੈਸ ਕਟਰ ਦੀ ਮਦਦ ਨਾਲ ਕੁਝ ਹੀ ਮਿੰਟਾਂ ਵਿੱਚ ਏ.ਟੀ.ਐਮ. ਨੂੰ ਕੱਟ ਕੇ ਨਕਦੀ ਲੁੱਟ ਕੇ ਫਰਾਰ ਹੋ ਜਾਂਦੇ।

ਪੁਲਿਸ ਨੇ ਬੀਤੀ 7 ਅਕਤੂਬਰ ਨੂੰ ਭਵਾਨੀਪੁਰ ਪਿੰਡ ਵਿੱਚ ਲੁੱਟ ਦੀ ਅਸਫਲ ਵਾਰਦਾਤ ਤੋਂ ਉਨ੍ਹਾਂ ਦੇ ਵਾਹਨਾਂ ਦੀ ਪਛਾਣ ਕਰ ਲਈ ਤੇ ਉਨ੍ਹਾਂ ਨੂੰ ਫੜਨ ਵਿੱਚ ਸਫਲ ਰਹੀ ਹੈ। ਦੱਸ ਦਈਏ ਕਿ ਅਗਸਤ ਵਿੱਚ ਵੀ ਕਪੂਰਥਲਾ ਪੁਲਿਸ ਨੇ ਅਜਿਹੇ ਹੀ ਇੱਕ ਗਰੋਹ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਨੇ 54 ਤੋਂ ਵੱਧ ਵਾਰਦਾਤਾਂ ਕਰ ਏ.ਟੀ.ਐਮ. ਤੋਂ 1 ਕਰੋੜ ਤੋਂ ਜ਼ਿਆਦਾ ਦੀ ਨਕਦੀ ਲੁੱਟ ਲਈ ਸੀ।