Punjab Panchayat Election: ਪੰਜਾਬ ਵਿੱਚ ਪੰਚਾਇਤੀ ਨੂੰ ਲੈਕੇ ਮਾਹੌਲ ਭਖਿਆ ਹੋਇਆ ਹੈ। ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਸਮਾਂ 5 ਅਕਤੂਬਰ ਨੂੰ ਖ਼ਤਮ ਹੋ ਗਿਆ ਪਰ ਇਸ ਦੌਰਾਨ ਸਭ ਤੋਂ ਸੁਰਖੀਆਂ ਵਿਚ ਰਿਹਾ ਇਕ ਵਿਅਕਤੀ ਨਾਮਜ਼ਦਗੀ ਭਰਨ ਤੋਂ ਪਿੱਛੇ ਹਟ ਗਿਆ। 


ਦੱਸ ਦਈਏ ਕਿ ਇਸ ਵਾਰ ਕਈ ਪਿੰਡਾਂ ਨੇ ਸਰਬਸਮੰਤੀ ਨਾਲ ਪੰਚਾਇਤ ਚੁਣ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਭਗਵੰਤ ਮਾਨ ਸਰਕਾਰ ਨੇ ਸਰਬਸਮੰਤੀ ਨਾਲ ਪੰਚਾਇਤ ਚੁਣਨ ਉਤੇ 5 ਲੱਖ ਦਾ  ਇਨਾਮ ਵੀ ਐਲਾਨਿਆ ਸੀ। ਪਰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ ਜਿਸ ਆਤਮਾ ਸਿੰਘ ਨੇ 2 ਕਰੋੜ ਰੁਪਏ ਦੀ ਬੋਲੀ ਲਗਾਈ ਸੀ ਉਸ ਨੇ ਇਸ ਵਾਰ ਨਾਮਜ਼ਦਗੀ ਪੱਤਰ ਦਾਖ਼ਲ ਹੀ ਨਹੀਂ ਕੀਤਾ। ਇਸਦਾ ਕਾਰਨ ਵਿਵਾਦ ਦੱਸਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਆਤਮਾ ਸਿੰਘ ਅਨੁਸਾਰ ਬੋਲੀ ਰਾਹੀਂ ਦੋ ਕਰੋੜ ਤੋਂ ਵੀ ਵੱਧ ਰਕਮ ਲਾਉਣ ਲਈ ਤਿਆਰ ਸੀ, ਪਰ ਵਿਵਾਦ ਹੋਣ ਤੋਂ ਬਾਅਦ ਉਹ ਪਿੱਛੇ ਹਟ ਗਿਆ। 



ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਗਿਆ ਸੀ। ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਇਸ ਮਾਮਲੇ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਸਨ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਇਸ ਨੂੰ ਪੰਜਾਬ ਰਾਜ ਚੋਣ ਐਕਟ ਦੀ ਉਲੰਘਣਾ ਕਰਾਰ ਦਿੰਦਿਆਂ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਗਈ ਸੀ।


ਇਸ ਵਿੱਚ ਪਿੰਡ ਦੀਆਂ ਤਿੰਨ ਧਿਰਾਂ ਬੋਲੀ ਲਗਾ ਰਹੀਆਂ ਸਨ। ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਣਾ ਸੀ। ਬੋਲੀਕਾਰਾਂ ਵਿੱਚ ਆਤਮਾ ਸਿੰਘ, ਜਸਵਿੰਦਰ ਸਿੰਘ ਬੇਦੀ, ਨਿਰਭੈਰ ਸਿੰਘ ਸ਼ਾਮਲ ਸਨ। ਭਾਜਪਾ ਆਗੂ ਨੇ ਸਭ ਤੋਂ ਵੱਧ ਬੋਲੀ ਲਗਾਈ ਸੀ।



ਹਾਲਾਂਕਿ ਵਿਵਾਦ ਤੋਂ ਬਾਅਦ ਉਸ ਨੇ ਕਿਹਾ ਕਿ ਹੁਣ ਦੋ ਕਰੋੜ ਦੀ ਬੋਲੀ ਦਾ ਸਮਾਂ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਸੀ ਕਿ ਪਿੰਡ ਵਾਸੀ ਚਾਹੁੰਦੇ ਨੇ ਕਿ ਪਿੰਡ ਦੇ ਵਿੱਚ ਹੁਣ ਵੋਟਾਂ ਪੈਣੀਆਂ ਚਾਹੀਦੀਆਂ ਹਨ। ਹੁਣ ਬੋਲੀ ਦੇ ਪੈਸੇ ਨਹੀਂ ਦਿੱਤੇ ਜਾਣਗੇ। ਦੂਜੇ ਪਾਸੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਅਗਰ ਇਸ ਤਰ੍ਹਾਂ ਦਾ ਕੋਈ ਵੀ ਸਬੂਤ ਸਾਹਮਣੇ ਆਇਆ ਤਰੁੰਤ ਕਾਰਵਾਈ ਕੀਤੀ ਜਾਵੇਗੀ।